ਲੰਡਨ – ਬ੍ਰਿਟੇਨ ਦੀ ਇਕ ਅਦਾਲਤ ਨੇ 12 ਸਾਲ ਪਹਿਲਾਂ ਭਾਰਤ ਦੇ ਪਟਿਆਲਾ ਸ਼ਹਿਰ ‘ਚ ਸੰਘ ਵਰਕਰ ਰੁਲਦਾ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਬ੍ਰਿਟੇਨ ‘ਚ ਗ੍ਰਿਫਤਾਰ ਤਿੰਨ ਬ੍ਰਿਟਿਸ਼ ਸਿੱਖਾਂ ਨੂੰ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ ਤੇ ਨਾਕਾਫ਼ੀ ਸਬੂਤਾਂ ਕਾਰਨ ਭਾਰਤ ਦੀ ਹਵਾਲਗੀ ਅਪੀਲ ਰੱਦ ਕਰ ਦਿੱਤੀ ਗਈ ਸੀ। ਪਿਆਰਾ ਸਿੰਘ ਗਿੱਲ, ਅੰਮ੍ਰਿਤਵੀਰ ਸਿੰਘ ਵਾਹੀਵਾਲਾ ਤੇ ਗੁਰਸ਼ਰਨਵੀਰ ਸਿੰਘ ਵਾਹੀਵਾਲਾ ਦੀ ਗ੍ਰਿਫ਼ਤਾਰੀ ਪਿਛਲੇ ਸਾਲ ਦਸੰਬਰ ‘ਚ ਵੈਸਟ ਮਿਡਲੈਂਡਸ ਪੁਲਿਸ ਨੇ ਭਾਰਤ ਹਵਾਲਗੀ ਵਾਰੰਟ ਦੇ ਆਧਾਰ ‘ਤੇ ਕੀਤੀ ਸੀ। ਉਨ੍ਹਾਂ ਨੂੰ 2009 ‘ਚ ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਇਕ ਵਰਕਰ ਰੂਲਦਾ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰੂਲਦਾ ਸਿੰਘ ‘ਤੇ ਪਟਿਆਲਾ ‘ਚ ਗੋਲ਼ੀਆਂ ਚਲਾਈਆਂ ਗਈਆਂ ਸੀ। ਹਮਲੇ ‘ਚ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਣ ਕਾਰਨ ਇਕ ਹਫ਼ਤੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।
ਡਿਸਟ੍ਰਿਕਟ ਜੱਜ ਮਾਈਕਲ ਸਨੋ ਨੇ ਬੁੱਧਵਾਰ ਨੂੰ ਲੰਡਨ ‘ਚ ਵੇਸਟਮਿਨਸਟਰ ਮਜਿਸਟ੍ਰੇਟ ਕੋਰਟ ‘ਚ ਅਪੀਲ ‘ਤੇ ਸੁਣਵਾਈ ਕੀਤੀ ਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਇਆ। ਬ੍ਰਿਟੇਨ ਦੀ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੇ ਕਿਹਾ ਕਿ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਹਾਲੇ ਤਕ ਆਪਣੀ ਹਵਾਲਗੀ ਅਰਜ਼ੀ ਖਾਰਜ ਹੋਣ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਨ੍ਹਾਂ ਤਿੰਨਾਂ ਸਿੱਖਾਂ ਨੂੰ ਵੈਸਟ ਮਿਡਲੈਂਡਸ ਥ੍ਰੀ ਦੇ ਨਾਂ ਤੋਂ ਜਾਣਿਆ ਜਾਣ ਲੱਗਾ ਸੀ।