ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੀ 20 ਸਾਲ ਦੀ ਮੌਜੂਦਗੀ ਤੋਂ ਬਾਅਦ ਵਾਪਸੀ ’ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ। ਪੁਤਿਨ ਨੇ ਕਿਹਾ ਕਿ ਅਮਰੀਕਾ ਨੂੰ ਇਸ ਨਾਲ ਨੁਕਸਾਨ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ। ਅਫ਼ਾਨਿਸਤਾਨ ਮਿਸ਼ਨ ਤ੍ਰਾਸਦੀ ਬਣ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ’ਤੇ ਵਿਦੇਸ਼ੀ ਕਦਰਾਂ-ਕੀਮਤਾਂ ਨੂੰ ਥੋਪਣਾ ਨਾਮੁਮਕਿਨ ਹੈ। ਨੌਜਵਾਨਾਂ ਦੇ ਇਕ ਪ੍ਰੋਗਰਾਮ ’ਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਇੱਥੇ 20 ਸਾਲ ਤਕ ਰਿਹਾ। ਇਸ ਦੌਰਾਨ ਉਸ ਨੇ ਆਪਣੇ ਇੱਥੋਂ ਦੀ ਜੀਵਨ ਸ਼ੈਲੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਆਪਣੀਆਂ ਕਦਰਾਂ-ਕੀਮਤਾਂ ਨੂੰ ਥੋਪਣ ’ਚ ਲੱਗਾ ਰਿਹਾ ਪਰ ਸਿੱਟਾ ਕੁਝ ਵੀ ਨਹੀਂ ਨਿਕਲਿਆ। ਉਸ ਤੋਂ ਉਲਟ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ। ਇਸ ਲਈ ਸਿੱਧੇ ਤੌਰ ’ਤੇ ਅਮਰੀਕਾ ਤੇ ਉੱਥੇ ਰਹਿਣ ਵਾਲੇ ਲੋਕ ਜ਼ਿੰਮੇਵਾਰ ਹਨ। ਯਾਦ ਰਹੇ ਕਿ ਅਮਰੀਕੀ ਫੌਜ ਦੀ ਵਾਪਸੀ ਦੇ ਬਾਅਦ ਹੁਣ ਮੱਧ ਏਸ਼ਿਆਈ ਦੇਸ਼ਾਂ ਦੀ ਅਫਗਾਨਿਸਤਾਨ ਨਾਲ ਲੱਗੀ ਸਰਹੱਦ ’ਤੇ ਸੁਰੱਖਿਆ ਪ੍ਰਬੰਧ ਕਰੜੇ ਕਰਨ ਦੀ ਜਿੰਮੇਵਾਰੀ ਰੂਸ ’ਤੇ ਆ ਗਈ ਹੈ। ਇਸਦੇ ਲਈ ਉਸਨੇ ਸਰਹੱਦ ’ਤੇ ਜੰਗੀ ਅਭਿਆਸ ਵੀ ਕੀਤਾ ਹੈ।