Articles

ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਮਨੁੱਖਤਾ ਦਾ ਘਾਣ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਚਾਰ ਦਿਨ ਹੋ ਗਏ, ਰੂਸ ਤੇ ਯੂਕਰੇਨ ਵਿਚਕਾਰ ਜੰਗ ਲੱਗੀ ਨੂੰ । ਰੂਸ ਦੁਨੀਆ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਦੇਸ਼ ਹੈ ਜਦ ਕਿ ਦੂਜੇ ਪਾਸੇ ਯੂਕਰੇਨ ਰੂਸ ਦੇ ਮੁਕਾਬਲੇ ਕੁੱਝ ਵੀ ਨਹੀਂ । ਕਹਿਣ ਦਾ ਭਾਵ ਰੂਸ ਤੇ ਯੂਕਰੇਨ ਦਾ ਆਪਸ ਵਿੱਚ ਕਿਸੇ ਵੀ ਤਰਾਂ ਕੋਈ ਮੁਕਾਬਲਾ ਨਹੀਂ । ਯੂਕਰੇਨ ਬੇਸ਼ੱਕ ਇਸ ਵੇਲੇ ਇਕ ਛੋਟਾ ਜਿਹਾ ਅਜ਼ਾਦ ਮੁਲਕ ਹੈ ਪਰ ਰੂਸ ਦੇ ਟੁੱਟਣ ਤੋਂ ਪਹਿਲਾ ਇਹ ਰੂਸ ਦਾ ਹੀ ਇਕ ਹਿੱਲਾਂ ਹੋਇਆ ਕਰਦਾ ਸੀ ।
ਚਾਰ ਦਿਨ ਤੋਂ ਚੱਲ ਰਹੀ ਇਸ ਜੰਗ ਵਿੱਚ ਸਭ ਤੋ ਵੱਧ ਯੂਕਰੇਨ ਦਾ ਹੀ ਨੁਕਸਾਨ ਹੋ ਰਿਹਾ ਹੈ । ਯੂਕਰੇਨ ਚ ਇਸ ਵੇਲੇ ਤਬਾਹੀ ਦਾ ਮੰਜਰ ਸ਼ਪੱਸ਼ਟ ਦੇਖਿਆ ਜਾ ਸਕਦਾ ਹੈ, ਬਹੁਮੰਜਲੀਆਂ ਗਗਨਚੁੰਬੀ ਇਮਾਰਤਾਂ ਮਿੱਟੀ ਦੇ ਢੇਰ ਚ ਬਦਲ ਰਹੀਆ ਹਨ, ਹਰ ਪਾਸੇ ਅਗਜਨੀ ਤੇ ਧੂੰਆਂਰਾਲੀ ਮਚੀ ਹੋਈ ਹੈ, ਮੌਤਾਂ ਦਰ ਮੌਤਾਂ ਹੋ ਰਹੀਆਂ ਹਨ, ਸੱਥਰ ਵਿੱਛ ਰਹੇ ਹਨ, ਇਨਸਾਨੀਅਤ ਦੇ ਚੀਥੜੇ ਉਂਡ ਰਹੇ ਹਨ ਤੇ ਲੋਕ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵੀ ਤਰਾਂ ਮੁਲਕ ਤੋਂ ਬਾਹਰ ਨਿਕਲਣ ਲਈ ਅਮਾਡਾ ਹਨ । ਗੱਲ ਕੀ ਕਿ ਜੋ ਹਾਲਾਤ ਇਸ ਵੇਲੇ ਯੂਕਰੇਨ ਦੇ ਬਣ ਚੁੱਕੇ ਹਨ, ਉਹਨਾ ਨੂੰ ਦੇਖ ਕੇ ਕਲ਼ੇਜਾ ਮੂੰਹ ਨੂੰ ਆਉਂਦਾ ਹੈ ।
ਹੁਣ ਜੇਕਰ ਇਸ ਜੰਗ ਵਾਸਤੇ ਕਿਸੇ ਨੂੰ ਜ਼ੁੰਮੇਵਾਰ ਠਹਿਰਾਉਣਾ ਹੋਵੇ ਤਾਂ ਬਹੁਤੇ ਲੋਕ ਰੂਸ ਨੂੰ ਦੋਸ਼ ਦੇਂਦੇ ਹਨ । ਉਹਨਾਂ ਦਾ ਮੰਨਣਾ ਹੈ ਕਿ ਰੂਸ ਨੂੰ ਇਸ ਨਿੱਕੇ ਜਿਹੇ ਮੁਲਕ ‘ਤੇ ਕਦੇ ਵੀ ਹਮਲਾ ਕਰਕੇ ਮਨੁੱਖਤਾ ਦਾ ਘਾਣ ਨਹੀਂ ਕਰਨਾ ਚਾਹੀਦਾ ਸੀ । ਜੇਕਰ ਯੂਕਰੇਨ ਨੂੰ ਨਾਟੋ ਫੋਰਸਾਂ ਚ ਸ਼ਾਮਿਲ ਹੋਣ ਤੋਂ ਰੋਕਣ ਦਾ ਹੀ ਮੁੱਦਾ ਸੀ ਤਾਂ ਉਸ ਬਾਰੇ ਰੂਸ ਆਪਣੇ ਹੋਰ ਬਹੁਤ ਸਾਰੇ ਡਿਪਲੋਮੈਟਿਕ ਢੰਗ ਤਰੀਕੇ ਅਪਣਾਅ ਸਕਦਾ ਸੀ, ਪਰ ਇਸ ਤੋਂ ਉਲਟ ਕਈ ਇਹ ਵੀ ਦਲੀਲ ਦਿੰਦੇ ਦਿੰਦੇ ਹਨ ਕਿ ਇਸ ਜੰਗ ਵਾਸਤੇ ਯੂਕਰੇਨ ਜ਼ੁੰਮੇਵਾਰ ਹੈ ਕਿਉਂਕਿ ਉਹ ਯੋਰਪੀਅਨ ਯੂਨੀਅਨ ਚ ਸ਼ਾਮਿਲ ਮੁਲਕਾਂ ਤੇ ਅਮਰੀਕਾ ਦੀ ਹੱਲਾਸ਼ੇਰੀ ਕਾਰਨ ਆਪਣੀ ਅਸਲ ਓਕਾਤ ਤੋਂ ਬਾਹਰ ਦੀ ਬਿਆਨਬਾਜੀ ਕਰਦਾ ਰਿਹਾ ਤੇ ਰੂਸ ਨੂੰ ਧੌਂਸਬਾਜੀ ਦਿਖਾਉਂਦਾ ਰਿਹਾ ਦਿਸ ਕਰਕੇ ਭੜਕਾਹਟ ਪੈਦਾ ਹੋਈ ਤੇ ਯੁੱਧ ਸ਼ੁਰੂ ਹੋ ਗਿਆ ।
ਸਿਆਣੇ ਕਹਿੰਦੇ ਹਨ ਕਿ ਮਿੱਤਰ ਉਹ ਜੋ ਔਖੇ ਵੇਲੇ ਨਾਲ ਖੜ੍ਹਾ ਹੋਵੇ ਤੇ ਹਥਿਆਰ ਉਹ ਹੁੰਦਾ ਜੋ ਮੌਕੇ ‘ਤੇ ਕੰਮ ਆਵੇ, ਪਰ ਯੂਕਰੇਨ ਨਾਲ ਇਸ ਤੋ ਬਿਲਕੁਲ ਉਲਟ ਹੋਇਆ । ਉਸ ਨੂੰ ਇਹ ਕਹਿਕੇ ਹੱਲਾਸ਼ੇਰੀ ਦੇਣ ਵਾਲੇ ਕਿ ਤੂੰ ਪ੍ਰਵਾਹ ਨਾ ਕਰ, ਅਸੀਂ ਤੇਰੇ ਨਾਲ ਹਾਂ, ਬੱਸ ਚੜ੍ਹਜਾ ਬੱਚਾ ਸੂਲੀ ਰਾਮ ਭਲੀ ਕਰੇਗਾ , ਲੋੜ ਵੇਲੇ ਮੂਕ ਦਰਸ਼ਕ ਬਣਕੇ ਬੈਠ ਗਏ, ਯੋਰਪੀਨ ਯੂਨੀਅਨ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਅਮਰੀਕਾ ਨੇ ਵੀ । ਜੋ ਵਿੱਤੀ ਪਾਬੰਦੀਆਂ ਸੌਰਪੀਨ ਮੁਲਕਾਂ ਤੇ ਅਮਰੀਕਾ ਵੱਲੋਂ ਰੂਸ ‘ਤੇ ਲਗਾਈਆਂ ਜਾ ਰਹੀਆ ਹਨ, ਉਹਨਾ ਵਿੱਚੋਂ ਬਹੁਤੀਆਂ ਤਾਂ ਕਈ ਸਾਲ ਪਹਿਲਾਂ ਹੀ ਰੂਸ ‘ਤੇ ਲਾਗੂ ਹਨ, ਜਿਹਨਾ ਦਾ ਉਸ ਨੂੰ ਕੋਈ ਫਰਕ ਨਾ ਹੀ ਪਿਆ ਤੇ ਨਾ ਹੀ ਭਵਿੱਖ ਚ ਪੈਣ ਦੀ ਸੰਭਾਵਨਾ ਹੈ । ਇਸ਼ ਤੋ ਵੀ ਹੋਰ ਅੱਗੇ  ਵਿੱਤੀ ਪਾਬੰਦੀਆਂ ਤੋਂ ਬਾਦ ਰੂਸ ਦਾ ਅਰਥਚਾਰਾ ਸਗੋਂ ਪਹਿਲਾਂ ਨਾਲ਼ੋਂ ਮਜ਼ਬੂਤ ਹੀ ਹੋਇਆ ਹੈ ।
ਅਗਲੀ ਗੱਲ ਇਹ ਹੈ ਕਿ ਜਿਹਨਾ ਨਾਟੋ ਫੋਰਸਾਂ ਦੀ ਚੁੱਕਤ ਦੇ ਨਾਲ ਯੂਕਰੇਨ, ਰੂਸ ਦੇ ਅੱਗੇ ਬਾਬ੍ਹਰਦਾ ਸੀ, ਉਹ ਆਪਸੀ ਭਿੰਨ ਭੇਦ ਤੇ ਫੁੱਟ ਦੀਆ ਸ਼ਿਕਾਰ ਹਨ, ਜਿਹਨਾਂ ਚੋਂ ਕਈ ਤਾਂ ਯੂਕਰੇਨ ਨੂੰ ਸਹਿਯੋਗ ਦੇਣ ਦੀ ਗੱਲ ਕਰਦੀਆਂ ਹਨ ਤੇ ਕਈ ਯੂਕਰੇਨ ਦੇ ਵਿਰੋਧ ਚ ਖੜ੍ਹੀਆਂ ਹਨ । ਦਰਅਸਲ ਰੂਸ ਨੇ ਇਸ ਸਭ ਦਾ ਆਂਕਲਨ ਕਰਨ ਤੋਂ ਬਾਦ ਹੀ ਬੀਤੇ ਵੀਰਵਾਰ ਤੜਕਸਾਰ ਯੂਕਰੇਨ ‘ਤੇ ਹਮਲਾ ਕੀਤਾ ਤੇ ਯੂਕਰੇਨ ਨੂੰ ਸਬਕ ਸਿਖਾਉਣ ਦੀ ਨੀਤੀ ਅਪਣਾਈ ।
ਇਥੇ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਕਦੇ ਵੀ ਕਿਸੇ ਦੀ ਚੁੱਕ ਜਾਂ ਉਕਸਾਹਤ ਵਿੱਚ ਆ ਕੇ ਵੱਡੀਆ ਵੱਡੀਆ ਨਹੀਂ ਛੱਡਣੀਆਂ ਚਾਹੀਦੀਆਂ ਨਹੀਂ ਤਾਂ ਅੱਗ ਲਗਾ ਕੇ ਡੱਬੂ ਕੰਧ ‘ਤੇ ਵਾਲੀ ਕਹਾਵਤ ਸਹੀ ਹੋ ਸਕਦੀ ਹੈ ਤੇ ਯੂਕਰੇਨ ਨਾਲ ਅੱਜ ਓਹੀ ਕੁੱਜ ਹੋ ਰਿਹਾ ਹੈ । ਦੂਜੀ ਗੱਲ ਲੇਲੇ ਤੇ ਬਘਿਆੜ ਦਾ ਕਦੇ ਵੀ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ, ਜੇਕਰ ਹੋਵੇਗਾ ਵੀ ਤਾਂ ਨੁਕਸਾਨ ਹਮੇਸ਼ਾ ਲੇਲੇ ਦਾ ਹੀ ਹੋਵੇਗਾ ਤੇ ਯੂਕਰੇਨ ਦਾ ਹਾਲ ਅੱਜ ਦੇ ਦਿਨ ਕੁੱਜ ਏਹੋ ਜਿਹਾ ਹੀ ਹੋ ਰਿਹਾ ਹੈ । ਤੀਜੀ ਗੱਲ ਪੰਜਾਬੀ ਦੀ ਇਕ ਅਖਾਣ ਮੁਤਾਬਿਕ ਕਿ “ਕੁੜਮ ਕੁਪੱਤਾ ਬੇਸ਼ੱਕ ਹੋਵੇ, ਪਰ ਗੁਆਂਢ ਮਾੜਾ ਨਾ ਹੋਵੇ” ਵਾਲੀ ਕਹਾਵਤ ਵੀ ਇਸ ਜੰਗ ਤੋਂ ਸੱਚ ਹੁੰਦੀ ਸਾਹਮਣੇ ਆ ਰਹੀ ਹੈ ਕਿ ਗੁਆਂਢ ਨਾਲ ਹਮੇਸ਼ਾ ਬਣ ਬਣਾ ਕੇ ਰੱਖਣੀ ਚਾਹੀਦੀ ਹੈ, ਜੇਕਰ ਯੂਕਰੇਨ ਨਾਟੋ ਫੋਰਸਾਂ ਚ ਸ਼ਾਮਿਲ ਹੋਣ ਦੀ ਜ਼ਿਦ ਛੱਡ ਦੇਵੇ ਤਾਂ ਖ਼ਿੱਤੇ ਚ ਮੁੜ ਸ਼ਾਂਤੀ ਬਹਾਲ ਹੋਣ ਦੀਆਂ ਅਜੇ ਵੀ ਬਹੁਤ ਸੰਭਾਵਨਾਵਾਂ ਹਨ, ਇਹ ਕੰਧ ‘ਤੇ ਉੱਕਰਿਆ ਕੌੜਾ ਸੱਚ ਹੈ ਕਿ ਦੂਰੋਂ ਹੱਲਾਸ਼ੇਰੀ ਦੇਣ ਵਾਲੇ ਮੁਲਕ ਯੂਕਰੇਨ ਦੇ ਕਦੇ ਵੀ ਸੱਚੇ ਮਿੱਤਰ ਨਹੀਂ ਹੋ ਸਕਦੇ, ਉਹ ਸਿਰਫ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਹੀ ਅਜਿਹਾ ਕਰ ਰਹੇ ਹਨ ।
ਯੂਕਰੇਨ ਦਰਅਸਲ ਰੂਸ ਦਾ ਅੰਗ ਵੀ ਰਿਹਾ ਤੇ ਹਮਸਾਇਆ ਵੀ । ਘਰੇਲੂ ਵਖਰੇਵੇਂ ਜੇਕਰ ਅੰਦਰ ਬੈਠ ਕੇ ਸੁਲਝਾ ਲਏ ਜਾਣ ਤਾਂ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੁੰਦੀ, ਪਰ ਜਦ ਗੱਲ ਘਰੋਂ ਬਾਹਰ ਨਿਕਲ ਜਾਂਦੀ ਹੈ ਤਾਂ ਅਕਸਰ ਹੀ ਵੱਡਾ ਬਿਖੇੜਾ ਖੜ੍ਹਾ ਹੋ ਜਾਂਦਾ ਹੈ ਜਿਸ ਕਰਕੇ ਫਿਰ ਬਾਅਦ ਵਿਚ ਉਸ ਨੂੰ ਸੁਲਝਾ ਸਕਣਾ ਬਹੁਤੀ ਵਾਰ ਇਕ ਟੇਢੀ ਖੀਰ ਹੀ ਸਾਬਤ ਹੁੰਦਾ ਹੈ । ਕਈ ਵਾਰ ਇਸ ਤਰਾਂ ਵੀ ਹੁੰਦਾ ਹੈ ਕਿ ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਲਾਹਾ ਲੈ ਜਾਂਦੇ ਹਨ ਤੇ ਰੂਸ ਤੇ ਯੂਕਰੇਨ ਵਿਚਕਾਰ ਲੱਗੇ ਯੁੱਧ ਤੋਂ ਇਹ ਸਭ ਕੁੱਜ ਹੁੰਦਾ ਸਾਕਾਰ ਨਜ਼ਰ ਆ ਰਿਹਾ ਹੈ ।
ਜੇਕਰ ਇਸ ਚਰਚਾ ਚ ਯੂਕਰੇਨ ਦੇ ਲੋਕਾਂ ਦੇ ਦੇਸ਼ ਪਿਆਰ ਦੇ ਜਜ਼ਬੇ ਦੀ ਗੱਲ ਨਾ ਕੀਤੀ ਜਾਵੇ ਤਾਂ ਮੇਰੀ ਗੱਲ ਅਧੂਰੀ ਰਹੇਗੀ । ਫੌਜਾਂ ਦੇ ਨਾਲ ਦੇਸ਼ ਦੇ ਆਮ ਲੋਕ ਵੀ ਆਪਣੇ ਮੁਲਕ ਦੀ ਆਨ ਸ਼ਾਨ ਤੇ ਬਾਨ ਵਾਸਤੇ ਮੈਦਾਨ ਏ ਜੰਗ ਵਿੱਚ ਨਿੱਤਰ ਰਹੇ ਹਨ ਜਿਸ ਤੋਂ ਉਹਨਾ ਦੀ ਦੇਸ਼ ਪ੍ਰਤੀ ਭਾਵਨਾ ਦਾ ਲਵਾਲਵ ਜਜ਼ਬਾ ਸਾਹਮਣੇ ਆਉਂਦਾ ਹੈ । ਬੇਸ਼ੱਕ ਇਹ ਜੰਗ ਜਿੱਤ ਸਕਣਾ ਯੂਕਰੇਨ ਵਾਸਤੇ ਸੰਭਵ ਨਹੀਂ ਹੈ, ਪਰ ਮੁਲਕ ਦੇ ਆਮ ਸ਼ਹਿਰੀਆਂ ਦੇ ਇਸ ਜਜ਼ਬੇ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉੰਦੀ ਹੈ ਕਿ ਹਰੇਕ ਜੰਗ ਸਿਰਫ ਜਿੱਤਣ ਲਈ ਹੀ ਨਹੀਂ ਲੜੀ ਜਾਂਦੀ। ਕੁਝ ਜੰਗਾਂ ਸਿਰਫ਼ ਇਸ ਲਈ ਲੜੀਆਂ ਜਾਂਦੀਆਂ ਹਨ ਤਾਂ ਕਿ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਕੋਈ ਆਪਣੀ ਹੋਂਦ ਤੇ ਜ਼ਮੀਰ ਵਾਸਤੇ ਲੜ ਰਿਹਾ ਹੈ। ਸੋ ਯੂਕਰੇਨ ਦੇ ਲੋਕਾਂ ਦੀ ਇਸ ਭਾਵਨਾ ਨੂੰ ਲੱਖ ਲੱਖ ਪ੍ਰਣਾਮ ਕਿ ਉਹ ਆਪਣੀਆ ਜਾਨਾਂ ਤਲੀ ‘ਤੇ ਰੱਖਕੇ ਆਪਣੇ ਵਤਨ ਦੀ ਹੋਂਦ ਬਚਾਉਣ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ।
ਮੁੱਕਦੀ ਗੱਲ ਇਹ ਹੈ ਕਿ ਜੰਗ ਦੁਨੀਆ ਦੇ ਕਿਸੇ ਵੀ ਖ਼ਿੱਤੇ ਚ ਲੱਗੇ, ਇਹ ਵਿਨਾਸ਼ ਦਾ ਦੂਸਰਾ ਨਾਮ ਹੈ । ਇਹ ਗੱਲ ਵੀ ਸਹੀ ਹੈ ਕਿ ਦੁਨੀਆ ਦਾ ਕੋਈ ਵੀ ਮਸਲਾ ਅਜਿਹਾ ਨਹੀਂ ਜੋ ਟੇਬਲ ‘ਤੇ ਬੈਠਕੇ ਹੱਲ ਨਾ ਹੋ ਸਕਦਾ ਹੋਵੇ । ਇਹ ਵੀ ਆਮ ਹੀ ਹੁੰਦਾ ਹੈ ਕਿ ਜੰਗਾਂ ਨਾਲ ਬਹੁਤ ਸਾਰੀ ਤਬਾਹੀ ਕਰਨ ਤੋਂ ਬਾਅਦ ਫਿਰ ਸੰਬੰਧਿਤ ਧਿਰਾਂ ਮਸਲੇ ਦਾ ਹੱਲ ਇਕੱਠੇ ਬੈਠਕੇ ਕੱਢਣ ਦੀ ਗੱਲ ਕਰਦੀਆਂ ਹਨ ਤੇ ਕੱਢਦੀਆਂ ਵੀ ਹਨ, ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਮਸਲੇ ਦਾ ਹੱਲ ਮਿਲ ਬੈਠ ਹੀ ਨਿਕਲਣਾ ਹੈ ਤਾਂ ਫਿਰ ਤਬਾਹੀ ਮਚਾ ਕੇ ਕਿਓਂ, ਇਸ ਤੋਂ ਪਹਿਲਾਂ ਕਿਓਂ ਨਹੀਂ ? ਦਰਅਸਲ ਅਜਿਹਾ ਇਸ ਕਰਕੇ ਹੁੰਦਾ ਹੈ ਕਿ ਕਈ ਵਾਰ ਸੰਬੰਧਿਤ ਧਿਰਾਂ ਵਿੱਚੋਂ ਕਿਸੇ ਇਕ ਜਾਂ ਦੋਹਾਂ ਦੀ ਈਗੋ ਉਹਨਾਂ ਦੀ ਪੇਸ਼ ਨਹੀਂ ਜਾਣ ਦੇਂਦੀ ਜਿਸ ਕਾਰਨ ਲੜਾਈ ਦੇ ਹਾਲਾਤ ਪੈਦਾ ਹੋ ਜਾਂਦੇ ਹਨ , ਜਿਸ ਦੀ ਗਲਤੀ ਦਾ ਅਹਿਸਾਸ ਈਗੋ ਦਾ ਫ਼ਤੂਰ ਉਤਰਨ ਤੋਂ ਬਾਦ ਹੁੰਦਾ ਹੈ । ਰੂਸ ਤੇ ਯੂਕਰੇਨ ਵੀ ਅੱਜ ਇਸੇ ਸਥਿਤੀ ‘ਚੋਂ ਵਿਚਰ ਰਹੇ ਹਨ, ਰੂਸ ਨੂੰ ਆਪਣੇ ਦੁਨੀਆ ਦੀ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਤੇ ਚੀਨ ਦੀ ਭਰਵੀਂ ਹਿਮਾਇਤ ਹੋਣ ਦਾ ਹੰਕਾਰ ਹੈ ਤੇ ਯੂਕਰੇਨ ਨੂੰ ਅਮਰੀਕਾ, ਯੂਰਪੀਨ ਯੂਨੀਅਨ ਤੇ ਨਾਟੋ ਫੋਰਸਾਂ ਦੀ ਭਰਵੀਂ ਹਿਮਾਇਤ ਹੋਣ ਦਾ ਭਰਮ ਹੈ । ਗੱਲ ਸਾਹਨਾਂ ਦੇ ਭੇੜ ਚ ਝਾੜੀਆਂ ਦੇ ਖੌਅ ਵਾਲੀ ਬਣੀ ਹੋਈ ਹੈ, ਇਹਨਾਂ ਦੀ ਈਗੋ ਦੀ ਲੜਾਈ ਚ ਆਮ ਲੋਕ ਮਰ ਰਹੇ ਹਨ ।
ਬਹੁਤ ਚੰਗਾ ਹੋਵੇ ਜੇਕਰ ਦੁਨੀਆ ਦੇ ਬਾਕੀ ਮੁਲਕ ਇਸ ਜੰਗ ਦਾ ਭਰਵਾਂ ਵਿਰੋਧ ਕਰਨ, ਮਨੁੱਖਤਾ ਦਾ ਘਾਣ ਰੋਕਣ ਲਈ ਅੱਗੇ ਆਉਣ, ਦੋਹਾਂ ਮੁਲਕਾਂ ਦੇ ਨੁਮਾਇੰਦਿਆ ਨੂੰ ਇਕ ਜਗ੍ਹਾ ਇਕੱਠੇ ਬਿਠਾ ਕੇ ਸਮਝਾਉਣ ਤੇ ਹੱਲ ਕੱਢਣ ਚ ਅਹਿਮ ਭੂਮਿਕਾ ਨਿਭਾਉਣ ਤਾਂ ਕਿ ਖ਼ਿੱਤੇ ਚ ਸ਼ਾਂਤੀ ਮੁੜ ਬਹਾਲ ਹੋ ਸਕੇ । ਜੇਕਰ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਿਆ ਹੋਇਆ ਵੀ ਦੁਨੀਆ ਦੇ ਨਾਮੀ ਮੁਲਕ ਤਮਾਸ਼ਬੀਨ ਬਣੇ ਰਹੇ ਤਾਂ ਇਸ ਬਰੂਦ ਦੇ ਢੇਰ ‘ਤੇ ਬੈਠੀ ਦੁਨੀਆ ਚ ਸ਼ੁਰੂ ਹੋਣ ਵਾਲੇ ਤੀਜੇ ਮਹਾਂਯੁੱਧ ਤੇ ਦੁਨੀਆ ਆਗੇ ਵਿਨਾਸ਼ ਨੂੰ ਫੇਰ ਕੋਈ ਵੀ ਨਹੀਂ ਰੋਕ ਸਕੇਗਾ ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin