ਵਾਸਿੰੰਗਟਨ – ਰੂਸ ਤੇ ਯੂਕਰੇਨ ਵਿਚਾਲੇ ਸਥਿਤੀ ਵਿਗੜ ਰਹੀ ਹੈ, ਉਸ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ’ਚ ਕੀ ਦੇਖਣ ਨੂੰ ਮਿਲੇਗਾ, ਇਸ ਬਾਰੇ ਕਹਿਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਰੂਸ ਦੁਆਰਾ ਯੂਕਰੇਨ ’ਤੇ ਹਮਲਾ ਕਰਨ ਵਾਲੇ ਦੇਸ਼ ਹੁਣ ਤਕ ਸਿਰਫ਼ ਰੂਸ ਨੂੰ ਧਮਕੀ ਦੇਣ ਤਕ ਹੀ ਸੀਮਤ ਰਹੇ ਹਨ। ਇੰਨਾ ਹੀ ਨਹੀਂ ਅਮਰੀਕਾ ਜੋ ਇਸ ਮਾਮਲੇ ’ਚ ਬਹੁਤ ਹਮਲਾਵਰ ਬਿਆਨਬਾਜ਼ੀ ਕਰ ਰਿਹਾ ਸੀ, ਉਹ ਵੀ ਇੱਥੇ ਤਕ ਹੀ ਸੀਮਤ ਹੈ। ਇਸ ਤੋਂ ਇਲਾਵਾ ਜੇਕਰ ਯੂਕਰੇਨ ਦੀ ਗੱਲ ਕਰੀਏ ਤਾਂ ਭਾਵੇਂ ਉਹ ਨਾਟੋ ਫ਼ੌਜ ਨੂੰ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਪਰ ਇਸ ਦਾ ਰਵੱਈਆ ਹੁਣ ਤਕ ਠੀਕ-ਠਾਕ ਹੀ ਰਿਹੈ।
ਪਿਛਲੇ ਦੋ ਦਿਨਾਂ ’ਚ ਇਸ ਮਾਮਲੇ ’ਚ ਜਿੱਥੇ ਅਮਰੀਕਾ ਨੇ ਪੋਲੈਂਡ ਨੂੰ ਟੈਂਕ ਵੇਚਣ ਦਾ ਐਲਾਨ ਕੀਤਾ ਹੈ ਉੱਥੇ ਹੀ ਨੀਦਰਲੈਂਡ ਨੇ ਯੂਕਰੇਨ ਨੂੰ ਹੈਲਮੇਟ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਦੇਣ ਦੀ ਗੱਲ ਕੀਤੀ ਹੈ। ਵੱਖ-ਵੱਖ ਏਜੰਸੀਆਂ ਦੀਆਂ ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਯੂਕਰੇਨ ’ਚ ਰੂਸ ਵੱਲੋਂ ਹਮਲੇ ਹੋ ਰਹੇ ਹਨ।
ਇਸ ਤਣਾਅ ’ਚ ਨਾਟੋ ਦਾ ਨਾਂ ਵਾਰ-ਵਾਰ ਆਇਆ ਹੈ। ਨਾਟੋ ਵੀ ਇਸ ਤਣਾਅ ਦੀ ਇੱਕ ਅਹਿਮ ਕੜੀ ਹੈ। ਇਸ ਲਈ ਇਸ ਬਾਰੇ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਨਾਟੋ ਦੁਨੀਆ ਦੇ ਲਗਪਗ 30 ਦੇਸ਼ਾਂ ਦਾ ਸੰਗਠਨ ਹੈ ਜਿਸ ’ਚ ਜ਼ਿਆਦਾਤਰ ਦੇਸ਼ ਯੂਰਪ ਦੇ ਹਨ। ਨਾਟੋ ਦੀ ਆਪਣੀ ਏਅਰ ਫੋਰਸ, ਆਰਮੀ, ਨੇਵੀ ਤੇ ਕੋਸਟ ਗਾਰਡ ਹੈ। ਇਸ ਦੇ ਤਿੰਨ ਮੈਂਬਰ ਬ੍ਰਿਟੇਨ, ਅਮਰੀਕਾ ਤੇ ਫਰਾਂਸ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹਨ। ਨਾਟੋ ਸੈਨਾ ’ਚ ਅਮਰੀਕਾ ਦੀ ਸਭ ਤੋਂ ਵੱਡੀ ਭੂਮਿਕਾ ਹੈ। ਇਸ ’ਚ ਕਰੀਬ 13 ਲੱਖ ਤੋਂ ਵੱਧ ਜਵਾਨ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਦੂਜੇ ਨੰਬਰ ’ਤੇ ਤੁਰਕੀ (3.55 ਲੱਖ ਤੋਂ ਵੱਧ), ਤੀਜੇ ਨੰਬਰ ’ਤੇ ਫਰਾਂਸ (ਦੋ ਲੱਖ ਤੋਂ ਵੱਧ) ਚੌਥੇ ਨੰਬਰ ’ਤੇ ਜਰਮਨੀ (1.78 ਲੱਖ ਤੋਂ ਵੱਧ), ਪੰਜਵੇਂ ਨੰਬਰ ’ਤੇ ਇਟਲੀ (1.75 ਲੱਖ ਤੋਂ ਵੱਧ), ਬ੍ਰਿਟੇਨ ਨੰਬਰ ਛੇ ’ਤੇ (ਲਗਪਗ 1.46 ਲੱਖ), ਗ੍ਰੀਸ (1.41 ਲੱਖ ਤੋਂ ਵੱਧ), ਅੱਠਵੇਂ ਨੰਬਰ ’ਤੇ ਸਪੇਨ (1.21 ਲੱਖ ਤੋਂ ਵੱਧ), ਪੋਲੈਂਡ (1.05 ਲੱਖ ਤੋਂ ਵੱਧ) ਤੇ ਨੌਵੇਂ ਨੰਬਰ ’ਤੇ ਰੋਮਾਨੀਆ (69 ਹਜ਼ਾਰ ਤੋਂ ਵੱਧ) ਪਰ ਫਿਰ ਵੀ ਅਮਰੀਕਾ ਦਾ ਦਬਦਬਾ ਹੈ।
ਇਸ ’ਚ ਕੁਝ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਇਸ ਸੰਸਥਾ ’ਚ ਸਰਗਰਮ ਸੈਨਿਕਾਂ ਦੀ ਗਿਣਤੀ ਬੇਸ਼ੱਕ ਘੱਟ ਹੈ ਪਰ ਰਿਜ਼ਰਵ ਫੋਰਸ ’ਚ ਉਨ੍ਹਾਂ ਦੇ ਸੈਨਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ’ਚ ਗ੍ਰੀਸ ਵੀ ਸ਼ਾਮਲ ਹੈ ਜਿਸ ਦੀ ਰਿਜ਼ਰਵ ਫੋਰਸ ’ਚ 2.20 ਲੱਖ ਤੋਂ ਵੱਧ ਸੈਨਿਕ ਹਨ। ਇਸ ਤੋਂ ਇਲਾਵਾ ਲਿਥੁਆਨੀਆ ਦੇ ਕਰੀਬ 90 ਹਜ਼ਾਰ, ਪੁਰਤਗਾਲ ਤੋਂ 2.11 ਲੱਖ ਤੋਂ ਵੱਧ, ਤੁਰਕੀ ਦੇ 3.78 ਲੱਖ ਤੋਂ ਵੱਧ ਤੇ ਅਮਰੀਕਾ ਦੇ ਸਾਢੇ ਅੱਠ ਲੱਖ ਤੋਂ ਵੱਧ ਸੈਨਿਕ ਇਸ ਸੰਗਠਨ ਦੀ ਰਿਜ਼ਰਵ ਫੋਰਸ ਦਾ ਹਿੱਸਾ ਹਨ। ਰੂਸ ਨਾਲ ਵਿਵਾਦਾਂ ਵਾਲਾ ਯੂਕਰੇਨ ਇਸ ਸੰਗਠਨ ਦਾ ਮੈਂਬਰ ਨਹੀਂ ਹੈ ਪਰ ਅਮਰੀਕਾ ਉਸ ਨੂੰ ਇਸ ਸੰਗਠਨ ਦਾ ਮੈਂਬਰ ਬਣਾਉਣਾ ਚਾਹੁੰਦਾ ਹੈ ਜਦਕਿ ਰੂਸ ਅਜਿਹਾ ਨਹੀਂ ਚਾਹੁੰਦਾ।