International

ਰੂਸ ਵਲੋਂ ਯੂਕਰੇਨ ਦੇ 2 ਸ਼ਹਿਰਾਂ ‘ਚ ਸੀਜ਼ ਫਾਇਰ ਦਾ ਐਲਾਨ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਰੂਸ ਨੇ ਫਿਲਹਾਲ ਜੰਗਬੰਦੀ ਦਾ ਐਲਾਨ ਕੀਤਾ ਹੈ। ਰੂਸ ਯੂਕਰੇਨ ਵਿਚਾਲੇ ਜਾਰੀ ਜੰਗ ਦੇ ਦੱਸਵੇਂ ਦਿਨ ਰੂਸ ਨੇ 2 ਸ਼ਹਿਰਾਂ ‘ਚ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਸਮੇਂ 11: 30 ਵਜੇ ਤੋਂ ਸੀਜ਼ ਫਾਇਰ ਹੋ ਗਈ ਹੈ। ਜਾਣਕਾਰੀ ਮੁਤਾਬਿਕ ਸੀਜ਼ ਫਾਇਰ ਦਾ ਐਲਾਨ ਜੰਗ ‘ਚ ਫਸੇ ਆਮ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਹੈ।ਭਾਰਤ ਨੇ ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਨੂੰ ਟਕਰਾਅ ਵਾਲੇ ਖੇਤਰਾਂ ਵਿੱਚ ਜੰਗਬੰਦੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਉਹ ਲਗਭਗ 3,000 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਸਕੇ, ਖਾਸ ਤੌਰ ‘ਤੇ ਪੂਰਬੀ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਸ਼ਹਿਰਾਂ ਤੋਂ, ਜਿੱਥੇ ਜ਼ੋਰਦਾਰ ਗੋਲਾਬਾਰੀ ਜਾਰੀ ਹੈ। ਇਸ ਦੀ ਅਪੀਲ ਭਾਰਤ ਸਮੇਤ ਹੋਰ ਦੇਸ਼ਾਂ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਸੀ। ਰੂਸ ਨੇ ਕਿਹਾ ਹੈ ਕਿ ਉਹ ਮਨੁੱਖੀ ਆਧਾਰ ‘ਤੇ ਯੂਕਰੇਨ ‘ਚ ਫਸੇ ਲੋਕਾਂ ਨੂੰ ਕੱਢਣ ‘ਚ ਮਦਦ ਕਰੇਗਾ ਤੇ ਇਕ ਗਲਿਆਰਾ ਬਣਾਏਗਾ।

ਏਐਨਆਈ ਨੇ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਰੱਖਿਆ ਮੰਤਰਾਲੇ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਇਸ ਮਾਮਲੇ ‘ਤੇ ਆਪਣੀ ਚੁੱਪ ਤੋੜੀ ਤੇ ਕਿਹਾ ਕਿ ਉਹ ਮੈਰੀਪੋਲ ਤੇ ਵੋਲਨੋਵਾਖਾ ਤੋਂ ਉੱਥੇ ਫਸੇ ਲੋਕਾਂ ਨੂੰ ਬਚਾਏਗਾ। ਇੱਥੇ ਉਨ੍ਹਾਂ ਗੱਲਾਂ ‘ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ ਜਿਨ੍ਹਾਂ ਕਾਰਨ ਰੂਸ ਨੂੰ ਇਹ ਫੈਸਲਾ ਲੈਣਾ ਪਿਆ ਹੈ। ਭਾਰਤ ਰੂਸ ‘ਤੇ ਲਗਾਤਾਰ ਦਬਾਅ ਬਣਾ ਰਿਹਾ ਸੀ ਕਿ ਉਹ ਤੁਰੰਤ ਜੰਗਬੰਦੀ ਦਾ ਐਲਾਨ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲੋਦੋਮੀਰ ਪੁਤਿਨ ਨਾਲ ਵੀ ਇਸ ਮੁੱਦੇ ‘ਤੇ ਚਰਚਾ ਕੀਤੀ। ਭਾਰਤ ਨੇ ਰੂਸ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਸਾਡੇ ਨਾਗਰਿਕਾਂ ਨੂੰ ਯੁੱਧ ਖੇਤਰ ਤੋਂ ਬਾਹਰ ਕੱਢਣ ‘ਚ ਮਦਦ ਕਰਨ। ਰੂਸ ਨੇ ਵੀ ਕੁਝ ਦਿਨ ਪਹਿਲਾਂ ਇਸ ਬਾਰੇ ਸਕਾਰਾਤਮਕ ਸੰਕੇਤ ਦਿੱਤੇ ਸਨ।

ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ਲੈਂਸਕੀ ਦੇ ਬਦਲੇ ਹੋਏ ਰੁਖ ਨੇ ਵੀ ਇਸ ਫੈਸਲੇ ‘ਚ ਵੱਡੀ ਭੂਮਿਕਾ ਨਿਭਾਈ ਹੋ ਸਕਦੀ ਹੈ। ਦਰਅਸਲ ਉਸਨੇ ਯੂਕਰੇਨ ਨੂੰ ਯੁੱਧ ਦੀ ਅੱਗ ‘ਚ ਧੱਕਣ ਤੇ ਇਸਨੂੰ ਇਕੱਲੇ ਛੱਡਣ ਲਈ ਨਾਟੋ ਨੂੰ ਦੋਸ਼ੀ ਠਹਿਰਾਇਆ ਹੈ। ਉਸਨੇ ਨਾਟੋ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਨਾਟੋ ਹੀ ਸੀ ਜਿਸ ਨੇ ਯੂਕਰੇਨ ਦੇ ਪਿੰਡਾਂ ਅਤੇ ਸ਼ਹਿਰਾਂ ‘ਤੇ ਹਮਲਾ ਕਰਨ ਲਈ ਹਰੀ ਝੰਡੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਯੂਕਰੇਨ ਇਸ ਗੱਲ ਨੂੰ ਲੈ ਕੇ ਬਿਆਨ ਦੇ ਚੁੱਕਾ ਹੈ ਕਿ ਦੁਨੀਆ ਨੇ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਵੀ ਰੂਸ ਦੇ ਰਾਸ਼ਟਰਪਤੀ ਨਾਲ ਵਨ-ਟੂ-ਵਨ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ ਕਿ ਉਹ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਬੈਠ ਕੇ ਮੁੱਦਿਆਂ ਨੂੰ ਸੁਲਝਾਉਣਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਜੇਕਰ ਰੂਸ ਇਸ ਮੁੱਦੇ ‘ਤੇ ਗੱਲਬਾਤ ਰਾਹੀਂ ਕੋਈ ਹੱਲ ਕੱਢਣਾ ਚਾਹੁੰਦਾ ਹੈ ਤਾਂ ਉਹ ਗੱਲਬਾਤ ਦੀ ਮੇਜ਼ ‘ਤੇ ਆਉਣ ਲਈ ਵੀ ਤਿਆਰ ਹੈ। ਇਹ ਬਿਆਨ ਅਮਰੀਕੀ ਵਿਦੇਸ਼ ਮੰਤਰੀ ਨੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਆਪਣੇ ਆਪ ਨੂੰ ਇਸ ਜੰਗ ‘ਚ ਫਸਿਆ ਮਹਿਸੂਸ ਕਰ ਰਹੇ ਹਨ। ਭਾਰਤ ਵਿੱਚ ਵੀ ਯੂਕਰੇਨ ਵਿੱਚ 20-25 ਹਜ਼ਾਰ ਦੇ ਕਰੀਬ ਲੋਕ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ। ਇਸੇ ਤਰ੍ਹਾਂ ਦੂਜੇ ਦੇਸ਼ਾਂ ਦੇ ਲੋਕ ਵੀ ਉਥੇ ਫਸੇ ਹੋਏ ਹਨ। ਅਜਿਹੇ ‘ਚ ਰੂਸ ‘ਤੇ ਵੀ ਸਵਾਲ ਉੱਠ ਰਹੇ ਹਨ। ਯੂਕਰੇਨ ਲਗਾਤਾਰ ਰੂਸ ‘ਤੇ ਨਾਗਰਿਕਾਂ ਦੀ ਹੱਤਿਆ ਦਾ ਦੋਸ਼ ਲਗਾ ਰਿਹਾ ਹੈ। ਦੂਜੇ ਪਾਸੇ ਰੂਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ। ਅਜਿਹੇ ‘ਚ ਰੂਸ ਜੰਗਬੰਦੀ ਕਰਕੇ ਆਪਣਾ ਅਕਸ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin