ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ’ਚ ਸੁਧਾਰ ਤਾਂ ਆਇਆ ਹੈ, ਪਰ ਕੇਰਲ ’ਚ ਹਾਲਾਤ ਸੁਧਰ ਨਹੀਂ ਰਹੇ ਹਨ। ਕੇਰਲ ਕਾਰਨ ਨਵੇਂ ਮਰੀਜ਼ਾਂ ਦੀ ਗਿਣਤੀ ਪਿਛਲੇ ਕੁਝ ਦਿਨਾਂ ਤੋਂ 30 ਹਜ਼ਾਰ ਦੇ ਆਸਪਾਸ ਬਣੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ ’ਚ 31,382 ਮਾਮਲੇ ਮਿਲੇ ਹਨ, ਜਿਨ੍ਹਾਂ ’ਚੋਂ ਇਕੱਲੇ ਕੇਰਲ ਤੋਂ 19,682 ਕੇਸ ਹਨ। ਇਸ ਦੌਰਾਨ 318 ਲੋਕਾਂ ਦੀ ਜਾਨ ਗਈ। ਇਸ ’ਚ ਵੀ 152 ਮੌਤਾਂ ਕੇਰਲ ’ਚ ਹੀ ਹੋਈਆਂ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ ਇਕ ਦਿਨ ’ਚ ਸਰਗਰਮ ਮਾਮਲਿਆਂ ’ਚ ਕਰੀਬ 1500 ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਮੌਜੂਦਾ ਸਮੇਂ ’ਚ ਇਨ੍ਹਾਂ ਦੀ ਗਿਣਤੀ 3,00,162 ’ਤੇ ਆ ਗਈ ਹੈ ਜੋ ਕੁਲ ਮਾਮਲਿਆਂ ਦਾ 0.89 ਫ਼ੀਸਦੀ ਹੈ।ਮਰੀਜ਼ਾਂ ਦੇ ਠੀਕ ਹੋਣ ਦੀ ਦਰ ਮਾਰਚ ਤੋਂ ਬਾਅਦ ਸਭ ਤੋਂ ਉੱਚ ਪੱਧਰ 97.78 ਫ਼ੀਸਦੀ ’ਤੇ ਪਹੁੰਚ ਗਈ ਹੈ। ਰੋਜ਼ਾਨਾ ਇਨਫੈਕਸ਼ਨ ਦਰ 25 ਦਿਨ ਤੋਂ ਅਤੇ ਹਫ਼ਤਾਵਾਰੀ ਇਨਫੈਕਸ਼ਨ ਦਰ 91 ਦਿਨ ਤੋਂ ਤਿੰਨ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।ਮੰਤਰਾਲੇ ਮੁਤਾਬਕ ਦੇਸ਼ ’ਚ ਹੁਣ ਤਕ 84 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ 72.20 ਲੱਖ ਡੋਜ਼ ਦਿੱਤੀਆਂ ਗਈਆਂ। ਯੂਪੀ ’ਚ ਸਭ ਤੋਂ ਵੱਧ ਕੋਰੋਨਾ ਰੋਕੂ ਵੈਕਸੀਨ ਦੀਆਂ 9.88 ਕਰੋੜ ਡੋਜ਼ ਲਗਾਈਆਂ ਗਈਆਂ ਹਨ। ਮਹਾਰਾਸ਼ਟਰ ’ਚ 7.69 ਕਰੋੜ ਤੇ ਮੱਧ ਪ੍ਰਦੇਸ਼ ’ਚ 5.98 ਕਰੋੜ ਡੋਜ਼ ਹੁਣ ਤਕ ਦਿੱਤੀਆਂ ਜਾ ਚੁੱਕੀਆਂ ਹਨ।