ਧਰਮਸ਼ਾਲਾ – ਅਧਿਆਤਮਕ ਆਗੂ ਦਲਾਈਲਾਮਾ 90 ਸਾਲ ਦੇ ਹੋ ਗਏ ਹਨ ਅਤੇ ਇੱਥੇ ਐਤਵਾਰ ਨੂੰ ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਇਕ ਹਫ਼ਤਾ ਜਸ਼ਨ ਮਨਾਏ। ਦਲਾਈ ਲਾਮਾ ਨੇ ਚੀਨ ’ਤੇ ਨਿਸ਼ਾਨਾ ਸੇਧਿਆ ਤੇ 130 ਸਾਲ ਤੋਂ ਵੱਧ ਜਿਉਣ ਅਤੇ ਮਰਨ ਤੋਂ ਬਾਅਦ ਪੁਨਰ ਜਨਮ ਲੈਣ ਬਾਰੇ ਗੱਲ ਕੀਤੀ।
ਤਿੱਬਤੀ ਅਧਿਆਤਮਕ ਤੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਆਪਣੇ ਉੱਤਰਾਧਿਕਾਰੀ ਦੇ ਐਲਾਨ ਸਬੰਧੀ ਅਫਵਾਹਾਂ ਨੂੰ ਰੋਕਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦੇ ਹਨ। ਆਪਣੀ 90ਵੀਂ ਜਨਮ ਵਰ੍ਹੇਗੰਢ ਤੋਂ ਪਹਿਲਾਂ ਇਸ ਸਬੰਧੀ ਮੈਕਲੋਡਗੰਜ ਦੇ ਮੁੱਖ ਦਲਾਈ ਲਾਮਾ ਮੰਦਰ, ਸੁਗਲਾਗਖਾਂਗ ਵਿਖੇ ਆਪਣੀ ਲੰਬੀ ਉਮਰ ਦੀ ਪ੍ਰਾਰਥਨਾ ਸਬੰਧੀ ਸਮਾਰੋਹ ਵਿੱਚ ਬੋਲਦਿਆਂ ਤੇਨਜ਼ਿਨ ਗਿਆਤਸੋ ਨੇ ਕਿਹਾ ਕਿ ਉਨ੍ਹਾਂ ਕੋਲ ‘ਸਪੱਸ਼ਟ ਸੰਕੇਤ’ ਹਨ ਕਿ ਅਵਲੋਕਿਤੇਸ਼ਵਰ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਤਿੱਬਤੀ ਅਧਿਆਤਮਿਕ ਆਗੂ ਨੇ ਕਿਹਾ, “ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਵੇਖਦਿਆਂ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਅਵਲੋਕਿਤੇਸ਼ਵਰ ਦੇ ਆਸ਼ੀਰਵਾਦ ਹਨ। ਮੈਂ ਹੁਣ ਤੱਕ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਮੈਂ ਅਜੇ ਵੀ 30-40 ਸਾਲ ਹੋਰ ਜੀਵਾਂਗਾ। ਤੁਹਾਡੀਆਂ ਪ੍ਰਾਰਥਨਾਵਾਂ ਫਲ ਦੇਣਗੀਆਂ। ਮੈਂ ਹੁਣ ਤੱਕ ਬੁੱਧ ਧਰਮ ਅਤੇ ਤਿੱਬਤ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਰਿਹਾ ਹਾਂ। ਅਤੇ ਫਿਰ ਵੀ ਮੈਂ 130 ਸਾਲਾਂ ਤੋਂ ਵੱਧ ਜੀਉਣ ਦੀ ਉਮੀਦ ਕਰਦਾ ਹਾਂ।”
ਇਸ ਮੌਕੇ ਦਲਾਈ ਲਾਮਾ ਨੇ ਚੀਨੀ ਨੇਤਾ ਮਾਓ ਜ਼ੇ-ਤੁੰਗ ਨਾਲ ਆਪਣੀ ਮੁਲਾਕਾਤ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦਾ ਮਸ਼ਹੂਰ ਕਥਨ ਹੈ: “ਧਰਮ ਜ਼ਹਿਰ ਹੈ।” ਦਲਾਈ ਲਾਮਾ ਨੇ ਕਿਹਾ, “…ਪਰ ਮੈਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ, ਇਸ ਲਈ ਉਨ੍ਹਾਂ ਨੇ ਅਸਲ ਵਿੱਚ ਬਹੁਤ ਬੁਰੀ ਨਜ਼ਰ ਨਾਲ ਤੱਕਿਆ, ਪਰ ਮੈਂ ਕੋਈ ਪ੍ਰਤੀਕਰਮ ਨਹੀਂ ਦਿੱਤਾ। ਅਤੇ ਮੈਨੂੰ ਤਰਸ ਆਇਆ। ਫਿਰ ਬਾਅਦ ਵਿੱਚ ਮੈਂ ਨਹਿਰੂ ਨੂੰ ਮਿਲਿਆ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਮੈਂ ਉਨ੍ਹਾਂ ਲੋਕਾਂ ਨੂੰ ਵੀ ਮਿਲਿਆ ਹਾਂ ਜਿਨ੍ਹਾਂ ਨੂੰ ਧਰਮ ਵਿੱਚ ਦਿਲਚਸਪੀ ਹੈ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਧਰਮ ਵਿੱਚ ਦਿਲਚਸਪੀ ਨਹੀਂ ਹੈ।”
ਨੋਬਲ ਪੁਰਸਕਾਰ ਜੇਤੂ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਧਾਰਮਿਕ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦਲਾਈ ਲਾਮਾ ਨੇ ਚੀਨੀ ਸ਼ਾਸਨ ਵਿਰੁੱਧ ਵਿਦਰੋਹ ਦੇ ਮੱਦੇਨਜ਼ਰ 1959 ਵਿੱਚ ਆਪਣੇ ਜੱਦੀ ਤਿੱਬਤ ਨੂੰ ਛੱਡ ਦਿੱਤਾ ਸੀ ਤੇ ਲੱਖਾਂ ਤਿੱਬਤੀਆਂ ਨਾਲ ਭਾਰਤ ਵਿੱਚ ਸ਼ਰਨ ਲਈ ਸੀ ਅਤੇ ਉਹ ਉਦੋਂ ਤੋਂ ਤਿੱਬਤੀ ਲੋਕਾਂ ਲਈ ਖੁਦਮੁਖਤਿਆਰੀ ਅਤੇ ਧਾਰਮਿਕ ਆਜ਼ਾਦੀ ਦੀ ਮੰਗ ਕਰਦੇ ਆ ਰਹੇ ਹਨ। ਤਿੱਬਤੀ ਜਲਾਵਤਨੀ ਸਰਕਾਰ ਨੇ ਇੱਥੇ 14ਵੇਂ ਦਲਾਈ ਲਾਮਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਹਫ਼ਤੇ ਦੀ ਲੜੀ ਦੇ ਪ੍ਰੋਗਰਾਮ ਉਲੀਕੇ ਗਏ। ਜਸ਼ਨਾਂ ਦੇ ਹਿੱਸੇ ਵਜੋਂ ਮੁੱਖ ਮੰਦਰ ਵਿੱਚ ਇੱਕ ਲੰਬੀ ਉਮਰ ਪ੍ਰਾਰਥਨਾ ਸਮਾਗਮ ਕੀਤਾ ਗਿਆ ਜਿਸ ਵਿੱਚ 15,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।