ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 208 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਜਦਕਿ ਵਾਇਰਸ ਦੇ ਨਾਲ 1 ਹੋਰ ਵਿਅਕਤੀ ਦੀ ਜਾਨ ਚਲੇ ਗਈ ਹੈ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ 96 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 112 ਨਵੇਂ ਲੋਕਲ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ।
ਵਿਕਟੋਰੀਆ ਦੇ ਵਿੱਚ ਇਸ ਵੇਲੇ 1180 ਐਕਟਿਵ ਕੇਸ ਹਨ ਅਤੇ ਤਾਜ਼ਾ ਡੈਲਟਾ ਪ੍ਰਕੋਪ ਬਹੁਤ ਤੇਜੀ ਦੇ ਨਾਲ ਫੈਲ ਰਿਹਾ ਹੈ। ਸੂਬੇ ਦੇ ਵਿੱਚ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਪਿਛਲੇ ਸੋਮਵਾਰ 30 ਅਗਸਤ ਨੂੰ 73 ਜੋ ਮੰਗਲਵਾਰ ਨੂੰ 119, ਬੁੱਧਵਾਰ ਨੂੰ 120 ਅਤੇ ਕੱਲ੍ਹ ਵੀਰਵਾਰ ਨੂੰ 176 ਅਤੇ ਅੱਜ ਇਹ ਗਿਣਤੀ ਵੱਧ ਕੇ 218 ਤੱਕ ਪੁੱਜ ਗਈ ਹੈ। ਵਿਕਟੋਰੀਆ ਦੇ ਵਿੱਚ ਪੂਰੇ ਇੱਕ ਸਾਲ ਤੋਂ ਬਾਅਦ ਵਾਇਰਸ ਦੇ ਕੇਸਾਂ ਦੀ ਗਿਣਤੀ ਨੇ 200 ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ਦੇ ਵਿੱਚ ਪਿਛਲੇ ਸਾਲ 19 ਅਗਸਤ 202 ਨੂੰ ਇੱਕ ਦਿਨ ਦੇ ਵਿੱਚ ਵਾਇਰਸ ਦੇ 231 ਕੇਸ ਪਾਏ ਗਏ ਸਨ। ਅੱਜ ਵਾਇਰਸ ਦੇ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਇਸ ਹਫ਼ਤੇ ਮੌਤਾਂ ਦੀ ਗਿਣਤੀ 3 ਹੋ ਗਈ ਹੈ।
ਵਿਕਟੋਰੀਆਂ ਦੇ ਸਿਹਤ ਅਧਿਕਾਰੀ ਹਸਪਤਾਲ ਪ੍ਰਣਾਲੀ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਤਿਆਰੀ ਕਰ ਰਹੇ ਹਨ। ਹੁਣ ਜਦੋਂ ਡੈਲਟਾ ਵੈਰੀਐਂਟ ਦੇ ਤਾਜ਼ਾ ਪ੍ਰਕੋਪ ਦੇ ਕਾਰਣ ਵਾਇਰਸ ਦੇ ਕੇਸਾਂ ਦੀ ਗਿਣਤੀ ਜ਼ੀਰੋ ਨਹੀਂ ਹੋ ਰਹੀ ਹੈ ਤਾਂ ਲੌਕਡਾਊਨ ਦੇ ਵਿੱਚੋਂ ਬਾਹਰ ਨਿਕਣ ਦਾ ਰਸਤਾ ਸਿਰਫ਼ ਟੀਕਾਰਕਰਨ ਦੇ ਟੀਚੇ ਦੇ ਉਪਰ ਹੀ ਨਿਰਭਰ ਕਰਦਾ ਹੈ।
ਵਿਕਟੋਰੀਆਂ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੂਬੇ ਦੇ 58.1 ਫੀਸਦੀ ਲੋਕਾਂ ਨੇ ਪਹਿਲੀ ਡੋਜ਼ ਲੈ ਲਈ ਹੈ ਜਦਕਿ ਸੂਬੇ ਦੇ 36 ਫੀਸਦੀ ਲੋਕ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ। ਇਸ ਵੇਲੇ ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 61 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 20 ਆਈ ਸੀ ਯੂ ਦੇ ਵਿੱਚ ਭਰਤੀ ਹਨ। ਜਦਕਿ 13 ਵੈਂਟੀਲੇਟਰ ਦੇ ਉਪਰ ਹਨ। ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ ਹੁਣ ਤੱਕ 822 ਮੌਤਾਂ ਹੋ ਚੁੱਕੀਆਂ ਹਨ। ਵਿਕਟੋਰੀਆਂ ਦੇ ਵਿੱਚ ਕੱਲ੍ਹ ਵੀਰਵਾਰ ਨੂੰ 48,572 ਟੈਸਟ ਕੀਤੇ ਗਏ। ਸੂਬੇ ਦੇ ਵਿੱਚ ਕੱਲ੍ਹ 33,511 ਵੈਕਸੀਨ ਲੋਕਾਂ ਨੂੰ ਦਿੱਤੇ ਗਏ ਜਦਕਿ 31 ਅਗਸਤ ਤੱਕ 5 ਮਿਲੀਅਨ 39 ਹਜ਼ਾਰ 494 ਵਿਕਟੋਰੀਅਨ ਲੋਕਾਂ ਨੂੰ ਵੈਕਸੀਨ ਦਿੱਤੇ ਜਾ ਚੁੱਕੇ ਹਨ।
ਅੱਜ ਤੋਂ ਵਿਕਟੋਰੀਆ-ਨਿਊ ਸਾਊਥ ਵੇਲਜ਼ ਸਰਹੱਦ ‘ਤੇ ਆਵਾਜਾਈ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ ਸਰਹੱਦ ਪਾਰ ਕਰਨ ਦੀ ਇਜਾਜ਼ਤ ਘੱਟ ਕਰ ਦਿੱਤੀ ਗਈ ਹੈ। ਵਿਕਟੋਰੀਅਨ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ‘ਚ ਪ੍ਰਤੀ ਦਿਨ 1,000 ਤੋਂ ਵੱਧ ਨਵੇਂ ਕੇਸਾਂ ਅਤੇ ਤੇਜ਼ੀ ਨਾਲ ਵਾਧੇ ਦੀ ਚਾਲ ਦੇ ਕਰਕੇ ਵਾਇਰਸ ਹੋਰ ਫੈਲਣ ਦਾ ਖਤਰਾ ਬਹੁਤ ਵੱਡਾ ਸੀ। ਵਿਕਟੋਰੀਅਨ ਲੋਕਲ ਗੌਰਮਿੰਟ ਏਰੀਆ ਗ੍ਰੇਟਰ ਸ਼ੇਪਰਟਨ, ਬੇਨਾਲਾ ਸ਼ਹਿਰ, ਗ੍ਰੇਟਰ ਬੇਂਡੀਗੋ, ਬੁਲੋਕ, ਲੋਡੋਨ ਅਤੇ ਯਾਰੀਅੇਮਬੀਅੇਕ ਨੂੰ ਅੱਜ ਤੋਂ ਨਿਊ ਸਾਊਥ ਵੇਲਜ਼ ਨਾਲ ਬੱਬਲ ਤੋਂ ਹਟਾ ਦਿੱਤਾ ਗਿਆ ਹੈ।