
ਬੱਬੂ ਤੇ ਗੋਪੀ ਦੋਵੇਂ ਕਰੋਨਾ ਕਾਰਨ ਪੈਦਾ ਹੋਏ ਅਜੋਕੇ ਹਾਲਾਤ ‘ਤੇ ਵਿਚਾਰ ਵਟਾਂਦਰਾ ਕਰ ਰਹੇ ਸਨ। ਅਖਬਾਰ ਨੂੰ ਪਹਿਲੇ ਵਰਕੇ ਤੋਂ ਲੈ ਕੇ ਅਖੀਰਲੇ ਵਰਕੇ ਤੱਕ ਕੱਪੜ ਛਾਣ ਕਰ ਕੇ ਬੱਬੂ ਬੋਲਿਆ, “ਲੈ ਭਾਈ ਗੋਪੀ, ਅਸੀਂ ਤਾਂ ਐਵੇਂ ਟਰੇਨਾਂ ਵਿੱਚ ਕਿਰਾਇਆ ਪੁੱਟਦੇ ਰਹੇ। ਆਹ ਤਾਂ ਸਾਈਕਲ ਰੇਲ ਤੋਂ ਤੇਜ਼ ਨਿਕਲਿਆ।” “ਉਹ ਕਿਵੇਂ?” ਗੋਪੀ ਹੈਰਾਨ ਹੁੰਦਾ ਹੋਇਆ ਬੋਲਿਆ। “ਆਹ ਵੇਖ ਅਖਬਾਰ ਵਿੱਚ ਲਿਖਿਆ ਆ ਕਿ ਜੋਤੀ ਕੁਮਾਰੀ ਨਾਮ ਦੀ ਇੱਕ ਪੰਦਰਾ ਸਾਲਾ ਲੜਕੀ ਆਪਣੇ ਬਿਮਾਰ ਪਿਉ ਨੂੰ ਸਾਈਕਲ ਦੇ ਕੈਰੀਅਰ ‘ਤੇ ਬਿਠਾ ਕੇ ਦਿੱਲੀ ਤੋਂ 1200 ਕਿ.ਮੀ. ਦੂਰ ਬਿਹਾਰ ਦੇ ਦਰਭੰਗਾ ਜਿਲ੍ਹੇ ਵਿਚਲੇ ਆਪਣੇ ਪਿੰਡ ਸਿਰਫ 9 ਦਿਨਾਂ ਵਿੱਚ ਪਹੁੰਚ ਗਈ। ਜਦ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀਆਂ ਸ਼੍ਰਮਿਕ ਟਰੇਨਾਂ ਇਹੋ ਸਫਰ 11 – 12 ਦਿਨਾਂ ਵਿੱਚ ਪੂਰਾ ਕਰ ਰਹੀਆਂ ਨੇ, ਕਦੇ ਕਿਤੇ ਰੁਕ ਜਾਂਦੀਆਂ ਨੇ ਤੇ ਕਦੇ ਕਿਤੇ। ਰਸਤੇ ਵਿੱਚ ਮਜ਼ਦੂਰਾਂ ਨੂੰ ਨਾ ਪਾਣੀ ਮਿਲਦਾ ਆ ਤੇ ਨਾ ਰੋਟੀ। ਵਿਚਾਰੇ ਭੁੱਖ ਹੱਥੋਂ ਪਰੇਸ਼ਾਨ ਹੋਏ ਸਟੇਸ਼ਨਾਂ ‘ਤੇ ਖਾਣੇ ਤੇ ਪਾਣੀ ਦੀ ਲੁੱਟ ਮਾਰ ਤੱਕ ਕਰ ਰਹੇ ਨੇ।”