Literature

‘ਵਤਨਾਂ ਵਾਲੀ ਮਿੱਟੀ’ ਦੀ ਪਹਿਲੀ ਕਾਪੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭੇਂਟ

ਪਟਿਆਲਾ – ਪਟਿਆਲਾ ਵਿਖੇ ਇਕ ਸੰਖੇਪ ਪਰੰਤੂ ਯਾਦਗਾਰੀ ਸਮਾਗਮ ਦੌਰਾਨ ਉਘੇ ਪੰਜਾਬੀ ਗੀਤਕਾਰ ਗਿੱਲ ਨੱਥੋਹੇੜੀ (ਜੱਗਾ ਸਿੰਘ ਗਿੱਲ) ਵੱਲੋਂ ਆਪਣੇ ਨਵੇਂ ਗੀਤ ਸੰਗ੍ਰਹਿ ‘ਵਤਨਾਂ ਵਾਲੀ ਮਿੱਟੀ’ ਦੀ ਪਹਿਲੀ ਕਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭੇਂਟ ਕੀਤੀ ਗਈ। ਡਾ. ‘ਆਸ਼ਟ’ ਨੇ ਗਿੱਲ ਨੱਥੋਹੇੜੀ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਗਿੱਲ ਨੇ ਪਿਛਲੇ ਚਾਲੀ ਸਾਲਾਂ ਤੋਂ ਪੰਜਾਬੀ ਗੀਤਕਾਰੀ ਨੂੰ ਹਜ਼ਾਰਾਂ ਗੀਤ ਦਿੱਤੇ ਹਨ ਜਿਨ੍ਹਾਂ ਨੂੰ ਹਰਚਰਨ ਗਰੇਵਾਲ, ਸੁਰਿੰਦਰ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਗੁਲਸ਼ਨ ਕੋਮਲ, ਕਰਨੈਲ ਗਿੱਲ, ਸਵਰਨ ਸੋਨੀਆ, ਸੁਚੇਤ ਬਾਲਾ, ਅਮਰ ਨੂਰੀ, ਸੁਖਵੰਤ ਸੁੱਖੀ, ਯੁੱਧਵੀਰ ਮਾਣਕ, ਕਰਤਾਰ ਰਮਲਾ, ਨਰਿੰਦਰ ਬੀਬਾ, ਅਕਬਰ ਅਲੀ ਜੋਧਾਂ, ਮਾਸਟਰ ਸਲੀਮ ਆਦਿ ਇਕ ਸੌ ਤੋਂ ਵੱਧ ਗਾਇਕ—ਗਾਇਕਾਵਾਂ  ਨੇ ਗਾ ਕੇ ਦੇਸਾਂ ਵਿਦੇਸਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਇਆ ਹੈ। ਗਾਇਕ ਸੁਰਿੰਦਰ ਛਿੰਦਾ ਅਨੁਸਾਰ ਉਸ ਨੂੰ ਗਿੱਲ ਦੇ ਗੀਤ ਗਾ ਕੇ ਅਨੋਖਾ ਸਕੂਨ ਮਿਲਿਆ ਹੈ।ਇਸ ਮੌਕੇ ਤੇ ਆਪਣੇ ਉਸਤਾਦ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਪ੍ਰੇਰਣਾ ਨਾਲ ਗੀਤਕਾਰੀ ਦੇ ਖੇਤਰ ਵਿਚ ਪ੍ਰਵੇਸ਼ ਕਰਨ ਵਾਲੇ ਗੀਤਕਾਰ ਗਿੱਲ ਨੱਥੋਹੇੜੀ ਨੇ ਕਿਹਾ ਕਿ ਉਸ ਦੀ ਇਸ ਨਵੀਂ ਪੁਸਤਕ ਵਿਚ ਸਭਿਆਚਾਰਕ ਗੀਤ ਹਨ ਜਿਨ੍ਹਾਂ ਵਿਚ ਵਤਨ ਦੀ ਮਿੱਟੀ ਨੂੰ ਸਜਦਾ ਕੀਤਾ ਗਿਆ ਹੈ, ਮਾਂ ਬੋਲੀ, ਔਰਤ ਦੇ ਆਦਰ ਸਤਿਕਾਰ, ਵੰਨ—ਸੁਵੰਨੇ ਰਿਸ਼ਤਿਆਂ ਵਿਚਲੇ ਹਾਸੇ ਮਜ਼ਾਕ,ਬਿਰਹੋਂ ਮਿਲਾਪ,ਲੋਕ ਤੱਥਾਂ, ਲੋਕ ਕਥਾਵਾਂ ਅਤੇ ਲੋਕ ਗਾਥਾਵਾਂ ਨਾਲ ਸੰਬੰਧਤ ਵਿਸ਼ਿਆਂ ਨੂੰ ਉਜਾਗਰ ਕੀਤਾ ਗਿਆ ਹੈ। ਗਿੱਲ ਨੇ ਇਹ ਵੀ ਦੱਸਿਆ ਕਿ ਨੇੜ—ਭਵਿੱਖ ਵਿਚ ਉਹ ਆਪਣੀ ਸਵੈ ਜੀਵਨੀ ਲਿਖਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਪਾਠਕਾਂ ਤੱਕ ਉਸ ਵੱਲੋਂ ਕੀਤਾ ਗਿਆ ਸੰਘਰਸ਼ ਅਤੇ ਗੀਤਕਾਰੀ ਦੇ ਸਫ਼ਰ ਬਾਰੇ ਨਵੇਂ ਤੱਥ ਸਾਹਮਣੇ ਲਿਆ ਸਕੇ।ਇਸ ਅਵਸਰ ਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਖੋਜ ਦੀ ਦ੍ਰਿਸ਼ਟੀ ਤੋਂ ਗਿੱਲ ਨੱਥੋਹੇੜੀ ਦੇ ਗੀਤਾਂ ਵਿਚਲਾ ਸੱਭਿਆਚਾਰ ਚਿੱਤ੍ਰਣ ਮੁੱਲਵਾਨ ਹੈ। ਲੈਕਚਰਾਰ ਹਰਜੀਤ ਕੌਰ ਆਦਿ ਨੇ ਗਿੱਲ ਨੱਥੋਹੇੜੀ ਦੀ ਸੱਭਿਆਚਾਰਕ—ਗੀਤਕਾਰੀ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ।

Related posts

ਪ੍ਰਸਿੱਧ ਪੱਤਰਕਾਰ ਤੇ ਲੇਖਕ ਅਸ਼ੋਕ ਭੌਰਾ ਦੀਆਂ ਪੁਸਤਕਾਂ ਦਾ ਲੋਕ ਅਰਪਣ ਅਤੇ ਰੂ-ਬ-ਰੂ ਸਮਾਗਮ

admin

‘ਲੋਕ ਸੰਪਰਕ ਪੰਜਾਬ ਦੇ ਹੀਰੇ’ ਪੁਸਤਕ ਜੀ.ਆਰ. ਕੁਮਰਾ ਨੂੰ ਭੇਂਟ

admin

10ਵਾਂ ਅੰਮ੍ਰਿਤਸਰ ਸਾਹਿਤ ਅਤੇ ਪੁਸਤਕ ਮੇਲੇ ਦਾ ਤੀਜਾ ਦਿਨ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਕੇਂਦਰਿਤ ਰਿਹਾ

admin