Articles

ਵਿਆਹ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅੱਜ ਕਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕਾਰਡ ਇੱਕ ਨੂੰ ਮਿਲਦਾ ਹੈ ਪਰ ਉਹ ਦੋ ਚਾਰ ਵਿਹਲੜ ਹੋਰ ਨਾਲ ਲੈ ਜਾਂਦਾ ਹੈ। ਲਿਫਾਫੇ ਵਿੱਚ ਪਾ ਕੇ ਰੁਪਈਆ 100 ਦਿੰਦੇ ਹਨ ਪਰ ਅਗਲੇ ਦੇ 1200 ਰੁਪਏ ਪ੍ਰਤੀ ਪਲੇਟ ਖਾਣੇ ਤੇ ਬਲੈਕ ਡਾਗ ਵਿਸਕੀ ਦੀਆਂ ਧੱਜੀਆਂ ਉਡਾ ਦਿੰਦੇ ਹਨ। ਜੇ ਕਿਤੇ ਕੋਈ ਲੀਡਰ ਆਪਣੇ ਗੰਨਮੈਨਾਂ ਦੀ ਧਾੜ ਨਾਲ ਆ ਵੜੇ ਤਾਂ ਸਮਝੋ ਲੱਗ ਗਿਆ ਚਾਲੀ ਪੰਜਾਹ ਹਜ਼ਾਰ ਦਾ ਚੂਨਾ। ਲੋਕ ਇਹ ਨਹੀਂ ਸੋਚਦੇ ਕਿ ਸਮਾਨ ਚਾਹੇ ਬਿਗਾਨਾ ਹੈ, ਪਰ ਢਿੱਡ ਤਾਂ ਆਪਣਾ ਹੈ। ਬਹੁਤੇ ਕਾਹਲੇ ਮਹਿਮਾਨ ਤਾਂ ਬਰਾਤ ਆਉਣ ਦਾ ਇੰਤਜ਼ਾਰ ਵੀ ਨਹੀਂ ਕਰਦੇ, ਪਹਿਲਾਂ ਹੀ ਵੇਟਰਾਂ ਤੋਂ ਸ਼ਰਾਬ ਦਾ ਤਕਾਜ਼ਾ ਸ਼ੁਰੂ ਕਰ ਦਿੰਦੇ ਹਨ। ਕਈ ਜਾਣ ਲੱਗੇ ਵਿਸਕੀ ਦੀਆਂ ਬੋਤਲਾਂ ਛਿਪਾ ਕੇ ਲੈ ਜਾਂਦੇ ਹਨ। ਵੱਡੇ ਘੁਲਾਟੀਏ ਤਾਂ ਡੋਲੀ ਤੁਰਨ ਤੋਂ ਬਾਅਦ ਵੀ ਆਪਣਾ ਕੰਮ ਜਾਰੀ ਰੱਖਦੇ ਹਨ। ਉਹ ਉਦੋਂ ਹੀ ਮੋਰਚਾ ਛੱਡਦੇ ਹਨ ਜਦੋਂ ਪੈਲੇਸ ਵਾਲੇ ਕਹਿਣ ਕਿ ਭਾਈ ਜਾਉ, ਹੁਣ ਅਸੀਂ ਅਗਲੇ ਫੰਕਸ਼ਨ ਦੀ ਤਿਆਰੀ ਵੀ ਕਰਨੀ ਹੈ। ਵਿਆਹਾਂ ਦੇ ਬਹੁਤੇ ਸ਼ੌਕੀਨਾਂ ਦਾ ਵਜ਼ਨ ਵਿਆਹ ਸੀਜ਼ਨ ਖਤਮ ਹੋਣ ਵੇਲੇ ਸਮੇਂ 20-25 ਕਿੱਲੋ ਤੱਕ ਵਧ ਜਾਂਦਾ ਹੈ
ਵਿਆਹਾਂ ਵਿੱਚ ਵੱਡੇ ਵੱਡੇ ਕਲਾਕਾਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਜੋ 500 ਰੁਪਏ ਦਾ ਸ਼ਗਨ ਦੇ ਕੇ ਮੈਰਿਜ਼ ਪੈਲੇਸ ਦੇ ਮਾਲਕ ਬਣ ਜਾਂਦੇ ਹਨ। ਉਹਨਾਂ ਦਾ ਸਭ ਤੋਂ ਪਹਿਲਾ ਕੰਮ ਵਿਆਹ ਦੇ ਖਾਣੇ ਵਿੱਚੋਂ ਨੁਕਸ ਕੱਢਣਾ ਹੈ ਜਿਵੇਂ ਮੱਛੀ ਛੱਪੜ ਵਾਲੀ ਮੰਗੂਰ ਹੈ, ਮੁਰਗਾ ਕੱਚਾ ਹੈ, ਪਨੀਰ 90 ਰੁਪਏ ਕਿੱਲੋ ਵਾਲਾ ਨਕਲੀ ਹੈ ਤੇ ਮਠਿਆਈ ਬੇਹੀ ਹੈ। ਪਰ ਜਦੋਂ ਵੇਖੀਦਾ ਹੈ ਤਾਂ ਸਭ ਤੋਂ ਵੱਧ ਮੀਟ ਮੱਛੀ ਨਾਲ ਪਲੇਟ ਉਹ ਹੀ ਭਰਦੇ ਹਨ, ਆਈਸ ਕਰੀਮ ਵਿੱਚ ਗਰਮ ਗੁਲਾਬ ਜਾਮੁਨ ਪਾ ਕੇ ਖਾਣਗੇ। ਘਰ ਮੁਰਗੇ ਬੱਕਰੇ ਦੀਆਂ ਹੱਡੀਆਂ ਤੱਕ ਚੱਬ ਜਾਣ ਵਾਲੇ ਬਿਗਾਨੇ ਵਿਆਹ ਵਿੱਚ ਲੈੱਗ ਪੀਸ ਨਾਲ ਮਾੜੀ ਜਿਹੀ ਦਾਤਨ ਕਰ ਕੇ ਬਾਕੀ ਭਵਾਂ ਕੇ ਮੇਜ਼ ਦੇ ਥੱਲੇ ਮਾਰਦੇ ਹਨ। ਬਹੁਤੇ ਤਾਂ ਜਾਣ ਬੁੱਝ ਕੇ ਸ਼ਰਾਬੀ ਹੋਣ ਦਾ ਨਾਟਕ ਕਰ ਕੇ ਸ਼ਗਨ ਦਿੱਤੇ ਬਗੈਰ ਹੀ ਰਫੂ ਚੱਕਰ ਹੋ ਜਾਂਦੇ ਹਨ। ਕਈ ਕਮੀਨਿਆਂ ਦਾ ਤਾਂ ਕੰਮ ਹੀ ਕੁੜੀ ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, “ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ ‘ਚ ਫਸ ਗਏ ਲੱਗਦੇ ਆ। ਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂ। ਡੈਕੋਰੇਸ਼ਨ ‘ਤੇ ਐਨੇ ਪੈਸੇ ਲਗਾ ਦਿੱਤੇ, ਹਰਾਮ ਦੀ ਕਮਾਈ ਲੱਗਦੀ ਆ। ਮੁੰਡਾ ਬੜਾ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਕਾਲਾ ਮਾਲ ਛਕਾਇਆ ਲੱਗਦਾ। ਲੋਕਾਂ ਦੇ ਤਾਂ ਕਰਜ਼ੇ ਮੋੜ ਦੇਵੇ ਪਹਿਲਾਂ, ਸਾਲਾ ਕਿਵੇਂ ਰਾਜਾ ਬਣਿਆ ਬੈਠਾ। ਕੁੜੀ ਪੂਰੀ ਮਾਂ ਵਰਗੀ ਆ, ਚਕਾਊ ਸਹੁਰਿਆਂ ਦੇ ਚੌਂਹਟੇ।” ਜੇ ਜਿਆਦਾ ਪਕਵਾਨ ਬਣੇ ਹੋਣ ਤਾਂ ਕਹਿਣਗੇ ਫੁਕਰੀ ਮਾਰਦੇ ਆ ਤੇ ਜੇ ਵਿਆਹ ਸਾਦਾ ਹੋਵੇ ਤਾਂ ਭੁੱਖੇ ਮਾਰ ‘ਤਾ ਸਾਲੇ ਮੱਖੀ ਚੂਸਾਂ ਨੇ। ਸਭ ਤੋਂ ਨੀਚ ਉਹ ਬੰਦੇ ਹੁੰਦੇ ਹਨ ਜੋ ਬੁਲਾਉਣ ਵਾਲਿਆਂ ਦੀ ਧੀਆਂ ਭੈਣਾਂ ਬਾਰੇ ਰੱਜ ਕੇ ਬਕਵਾਸ ਕਰਦੇ ਹਨ। ਸ਼ਗਨ ਦੇਣ ਲੱਗਿਆਂ ਜਿਨ੍ਹਾਂ ਨੂੰ ਮੌਤ ਪੈਂਦੀ ਹੈ, ਉਹ ਆਪਣੀ ਬੇਟੀ ਦੀ ਉਮਰ ਦੀਆਂ ਡਾਂਸਰਾਂ ਨੂੰ ਮੁੰਹ ਨਾਲ ਪੰਜ ਪੰਜ ਸੌ ਦੇ ਨੋਟ ਫੜਾਉਂਦੇ ਹਨ। ਕਈ ਵਾਰ ਬਹੁਤੇ ਕਾਹਲੇ ਪੈਲੇਸ ਵਿੱਚ ਜਾ ਕੇ ਵੇਟਰਾਂ ਨੂੰ ਆਰਡਰ ਛੱਡਣ ਲੱਗ ਪੈਂਦੇ ਹਨ ਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਵਿਆਹ ਤਾਂ ਦੂਸਰੇ ਪੈਲੇਸ ਵਿੱਚ ਸੀ।
ਵਿਆਹ ਵਾਲੇ ਘਰ ਸਵੇਰ ਤੋਂ ਹੀ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ। ਜੰਝ ਦੇ ਪਹੁੰਚਣ ਦਾ ਵਕਤ ਕਾਰਡ ਵਿੱਚ ਸਵੇਰੇ ਦਸ ਵਜੇ ਦਾ ਲਿਖਿਆ ਹੁੰਦਾ ਹੈ, ਪਰ ਬਰਾਤਣਾਂ ਦੇ ਬਿਊਟੀ ਪਾਰਲਰ ਦੇ ਚੱਕਰ ਵਿੱਚ 12 ਵਜੇ ਤੋਂ ਬਾਅਦ ਪਹੁੰਚਦੀ ਹੈ। ਲਾਵਾਂ ਫੇਰੇ ਬਾਰਾਂ ਵਜੇ ਤੋਂ ਪਹਿਲਾਂ ਹੋਣੇ ਸ਼ੁੱਭ ਮੰਨੇ ਜਾਂਦੇ ਹਨ, ਪਰ ਉਹ ਵੀ ਦੋ ਤਿੰਨ ਵਜੇ ਤੋਂ ਪਹਿਲਾਂ ਨਹੀਂ ਨਿਪਟਦੇ। ਬਰਾਤੀਆਂ ਦੀ ਸ਼ਕਲ ਸੂਰਤ ਆਉਣ ਲੱਗਿਆਂ ਹੋਰ ਹੁੰਦੀ ਹੈ ਤੇ ਜਾਣ ਲੱਗਿਆਂ ਹੋਰ। ਸਵੇਰੇ ਸੂਟ ਬੂਟ, ਠੋਕ ਠੋਕ ਕੇ ਬੰਨ੍ਹੀਆਂ ਪੱਗਾਂ ਤੇ ਮੈਚਿੰਗ ਟਾਈਆਂ। ਸ਼ਾਮ ਤੱਕ ਹੱਥ ਤੇ ਕੋਟ ਪੈਂਟ ਮੀਟ ਦੀ ਤਰੀ ਨਾਲ ਲਿੱਬੜੇ ਹੋਏ ਤੇ ਟਾਈ ਘੁੰਮ ਕੇ ਪਿੱਠ ਵੱਲ ਗਈ ਹੁੰਦੀ ਹੈ। ਕਈ ਤਾਂ ਡਿੱਗਦੇ ਢਹਿੰਦੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਕਈ ਐਕਸੀਡੈਂਟ ਕਰਵਾ ਕੇ ਹਸਪਤਾਲ। ਵਿਆਹ ਵੇਖਣ ਵੇਲੇ ਸਭ ਤੋਂ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਾਨਪੁਰੀ ਪਿਸਤੌਲਾਂ ਵਾਲੇ ਫੁਕਰਿਆਂ ਦਾ। ਇਹ ਸ਼ੋਸ਼ੇਬਾਜ਼ ਆਪਣੀ ਚਾਂਦਮਾਰੀ ਨਾਲ ਕਈ ਘਰਾਂ ਦੇ ਦੀਵੇ ਗੁੱਲ ਕਰ ਚੁੱਕੇ ਹਨ। ਇਸ ਲਈ ਡਾਂਸਰਾਂ ਦੇ ਲਟਕੇ ਝਟਕੇ ਦੇਖਣ ਦੇ ਲਾਲਚ ਤੋਂ ਬਚ ਕੇ ਸਟੇਜ਼ ਤੋਂ ਵੱਧ ਤੋਂ ਵੱਧ ਦੂਰੀ ‘ਤੇ ਟੇਬਲ ਮੱਲਣਾ ਚਾਹੀਦਾ ਹੈ। ਜੇ ਫੁਕਰੇ ਮੁਫਤ ਦੀ ਸ਼ਰਾਬ ਨਾਲ ਆਫਰ ਕੇ ਪਟਾਕੇ ਪਾਉਣੇ ਸ਼ੁਰੂ ਕਰ ਦੇਣ ਤਾਂ ਬਿਨਾਂ ਖਾਧੇ ਪੀਤੇ ਪਰਿਵਾਰ ਸਮੇਤ ਪੈਲੇਸ ਤੋਂ ਫਰਾਰ ਹੋ ਜਾਉ, ਇਨਸਾਨ ਦੀ ਜਾਨ ਚਾਹ ਪਕੌੜਿਆਂ ਤੋਂ ਬਹੁਤ ਜਿਆਦਾ ਕੀਮਤੀ ਹੁੰਦੀ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin