ArticlesPunjab

ਜਗਰੂਪ ਸਿੰਘ ਜੂਪਾ ਪੰਜਵੜ ਨਿੱਕਲਿਆ ਰੇਲਵੇ ਟਰੈਕ ਧਮਾਕੇ ‘ਚ ਮਰਨ ਵਾਲਾ

ਜਗਰੂਪ ਸਿੰਘ ਜੂਪਾ ਪੰਜਵੜ, ਰੇਲਵੇ ਟਰੈਕ ਧਮਾਕੇ 'ਚ ਮਰਨ ਵਾਲਾ।

ਪੰਜਾਬ ਵਿੱਚ ਰੇਲਵੇ ਪਟੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਸ੍ਹਾਮਣੇ ਆਈ ਹੈ। ਦਿੱਲੀ-ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਵਿਚਕਾਰ ਸਮਰਪਿਤ ਫਰੇਟ ਕੋਰੀਡੋਰ ‘ਤੇ ਸੋਮਵਾਰ ਨੂੰ ਦੇਰ ਰਾਤ ਇੱਕ ਵੱਡਾ ਧਮਾਕਾ ਹੋਇਆ। ਇਹ ਇੱਕ ਆਈਈਡੀ ਧਮਾਕਾ ਮੰਨਿਆ ਜਾ ਰਿਹਾ ਹੈ। ਇਸ ਧਮਾਕੇ ਨਾਲ ਰੇਲਵੇ ਟਰੈਕ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੁਰੱਖਿਆ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਸਾਜ਼ਿਸ਼ ਮੰਨ ਰਹੀਆਂ ਹਨ। ਸਥਾਨਕ ਪੁਲਿਸ, ਰੇਲਵੇ ਦੀ ਅਪਰਾਧ ਸ਼ਾਖਾ ਅਤੇ ਖੁਫੀਆ ਏਜੰਸੀਆਂ ਸਾਂਝੇ ਤੌਰ ‘ਤੇ ਇਸ ਘਟਨਾਂ ਦੀ ਜਾਂਚ ਵਿੱਚ ਜੁੱਟ ਗਈਆਂ ਹਨ।

ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੌਕੇ ‘ਤੇ ਮਿਲੇ ਇੱਕ ਮੋਬਾਈਲ ਫੋਨ ਰਾਹੀਂ ਕੀਤੀ ਗਈ। ਮਾਰੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਜੂਪਾ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ। ਇਸ ਧਮਾਕੇ ਦੌਰਾਨ ਵਿਅਕਤੀ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਉੱਡ ਗਿਆ ਸੀ। ਹਾਲਾਂਕਿ, ਉਸਦਾ ਮੋਬਾਈਲ ਫੋਨ ਸੁਰੱਖਿਅਤ ਰਿਹਾ ਜਿਸ ਕਾਰਣ ਉਸਦੀ ਪਛਾਣ ਹੋ ਸਕੀ। ਜਗਰੂਪ ਸਿੰਘ ਜੂਪਾ ਜੋ ਕਿ ਆਟਾ ਚੱਕੀ ਚਲਾਉਂਦਾ ਹੈ, ਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਹੈ। ਤਰਨਤਾਰਨ ਵਿਧਾਨ ਸਭਾ ਉਪ-ਚੋਣ ਦੌਰਾਨ ਪੋਸਟਰ ਪਾੜਨ ਦੇ ਮਾਮਲੇ ਵਿੱਚ ਝੱਬਲ ਪੁਲਿਸ ਸਟੇਸ਼ਨ ਵਿੱਚ ਜੂਪਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਇਲਾਵਾ ਜੂਪਾ ਖਿਲਾਫ ਕੋਈ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਦੋ ਧੀਆਂ ਦਾ ਪਿਤਾ ਜੂਪਾ ਅਕਸਰ ਨਿਹੰਗ ਪਹਿਰਾਵੇ ਵਿੱਚ ਰਹਿੰਦਾ ਸੀ। ਮੰਗਲਵਾਰ ਨੂੰ ਜਦੋਂ ਇਹ ਪਤਾ ਲੱਗਾ ਕਿ ਰੇਲਵੇ ਟਰੈਕ ‘ਤੇ ਹੋਏ ਧਮਾਕੇ ਵਿੱਚ ਜੂਪਾ ਦੀ ਮੌਤ ਹੋ ਗਈ ਹੈ ਤਾਂ ਪਿੰਡ ਵਾਸੀ ਹੈਰਾਨ ਰਹਿ ਗਏ। ਹੁਣ ਇਸ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ।

ਪੁਲਿਸ ਅਨੁਸਾਰ ਸੋਮਵਾਰ 27 ਅਪ੍ਰੈਲ 2026 ਰਾਤ ਨੂੰ ਬੋਥਨੀਆ ਪਿੰਡ ਨੇੜੇ ਸ਼ੰਭੂ-ਅੰਬਾਲਾ ਰੇਲਵੇ ਟਰੈਕ ਦੇ ਨੇੜੇ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਜਗਰੂਪ ਦੇ ਸਰੀਰ ਦੇ ਟੁਕੜੇ ਘਟਨਾ ਸਥਾਨ ਤੋਂ ਲਗਭਗ 200 ਫੁੱਟ ਦੂਰ ਤੱਕ ਖਿੱਲਰੇ ਹੋਏ ਮਿਲੇ। ਧਮਾਕੇ ਨੇ ਰੇਲ ਪਟੜੀਆਂ ਨੂੰ ਵੀ ਕੱੁਝ ਨੁਕਸਾਨ ਪਹੁੰਚਾਇਆ ਅਤੇ ਰੇਲਵੇ ਲਾਈਨ ਦੇ ਹੇਠਾਂ ਇੱਕ ਟੋਆ ਬਣ ਗਿਆ। ਸ਼ੁਰੂ ਵਿੱਚ ਇਸਨੂੰ ਘੱਟ ਤੀਬਰਤਾ ਵਾਲਾ ਧਮਾਕਾ ਮੰਨਿਆ ਜਾ ਰਿਹਾ ਸੀ, ਪਰ ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪਟੜੀਆਂ ਨੂੰ ਉਡਾਉਣ ਦੀ ਸਾਜ਼ਿਸ਼ ਸੀ। ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਕ ਮਾਲ ਗੱਡੀ ਦੇ ਲਾਂਘੇ ਨੂੰ ਨਿਸ਼ਾਨਾ ਬਣਾਉਣ ਵਾਲਾ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਵਿੱਚ ਇੱਕ ਮਾਲ ਗੱਡੀ ਲਾਂਘੇ ਦੇ ਪਟੜੀਆਂ ‘ਤੇ ਇੱਕ ਧਮਾਕੇ ਨੇ ਇੱਕ ਰੇਲ ਇੰਜਣ ਨੂੰ ਨੁਕਸਾਨ ਪਹੁੰਚਾਇਆ ਅਤੇ ਇੱਕ ਲੋਕੋ ਪਾਇਲਟ ਨੂੰ ਵੀ ਜ਼ਖਮੀ ਕਰ ਦਿੱਤਾ ਸੀ।

ਜਾਂਚ ਦੌਰਾਨ, ਇਹ ਸਾਹਮਣੇ ਆਇਆ ਹੈ ਕਿ ਜਗਰੂਪ ਸਿੰਘ ਜੂਪਾ ਮਲੇਸ਼ੀਆ ਦੇ ਮਾਡਿਊਲ ਦੇ ਸੰਪਰਕ ਵਿੱਚ ਸੀ। 2019 ਵਿੱਚ ਉਹ ਮਲੇਸ਼ੀਆ ਵੀ ਗਿਆ ਸੀ ਜਿੱਥੋਂ ਇਹ ਮਾਡਿਊਲ ਚਲਾਇਆ ਜਾ ਰਿਹਾ ਸੀ। ਇਸ ਗਰੁੱਪ ਨੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾਈ ਸੀ।

ਜਗਰੂਪ ਸਿੰਘ ਜੂਪਾ ਦੇ ਪਰਿਵਾਰ ਸਬੰਧੀ ਰਿਕਾਰਡ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਪਿੰਡ ਨੂੰ ਘੇਰਿਆ ਹੋਇਆ ਹੈ। ਤਰਨਤਾਰਨ ਪੁਲਿਸ ਨੇ ਰੇਲਵੇ ਲਾਈਨ ਧਮਾਕੇ ਦੇ ਸਬੰਧ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਦੀਪ ਅਤੇ ਕੁਲਵਿੰਦਰ ਮਾਨਸਾ ਦੇ ਵਸਨੀਕ ਹਨ ਜਦੋਂ ਕਿ ਸਤਨਾਮ ਅਤੇ ਗੁਰਪ੍ਰੀਤ ਤਰਨਤਾਰਨ ਦੇ ਵਸਨੀਕ ਹਨ। ਸਤਨਾਮ ਜਗਰੂਪ ਸਿੰਘ ਦਾ ਛੋਟਾ ਭਰਾ ਹੈ। ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜੂਪਾ ਦੇ ਪਰਿਵਾਰ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਇਸ ਘਟਨਾ ਸਬੰਧੀ ਵੇਰਵੇ ਸਾਂਝੇ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਹੈ ਕਿ, “ਜਗਰੂਪ ਸਿੰਘ, ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿੱਚੋਂ ਇੱਕ ਸੀ ਜਿਸਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਪਾਲ ਦੇ ਹੱਕ ਵਿੱਚ ਵੋਟਾਂ ਮੰਗੀਆਂ ਸਨ।”

ਵਰਨਣਯੋਗ ਹੈ ਕਿ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਪਿਛਲੇ ਸਾਲ ਪਾਕਿਸਤਾਨ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਗਰੂਪ ਸਿੰਘ ਜੂਪਾ ਵੀ ਤਰਨਤਾਰਨ ਦੇ ਪਿੰਡ ਪੰਜਵੜ ਦਾ ਹੀ ਰਹਿਣ ਵਾਲਾ ਹੈ।

Related posts

ਕੀ ਪੰਜਾਬ ਵਿੱਚ ਹੁਣ ‘ਆਮ ਸਰਕਾਰ’ ਦੀ ਥਾਂ ਕਿਸੇ ‘ਖਾਸ’ ਦੀ ਬਣ ਜਾਵੇਗੀ ?

admin

ਸਕਿਉਰਿਟੀ ਬਹਾਲ ਕਰਾਉਣ ਲਈ ਹਰਭਜਨ ਸਿੰਘ ਹਾਈਕੋਰਟ ਦੀ ਸ਼ਰਣ ‘ਚ

admin

ਆਸਟ੍ਰੇਲੀਆ ਲਈ ਹੋਰ ਈਂਧਨ ਸੁਰੱਖਿਅਤ ਕਰਨਾ ਪਹਿਲਾ ਕਦਮ – ਵਿਦੇਸ਼ ਮੰਤਰੀ ਵੌਂਗ

admin