ਮੈਲਬੌਰਨ – “ਵਿਕਟੋਰੀਆ ਦੇ ਵਿੱਚ ਆਵਾਜਾਈ ਨੂੰ ਘੱਟ ਕਰਕੇ ਕੋਵਿਡ-19 ਦੇ ਤਾਜ਼ਾ ਫੈਲਾਅ ਨੂੰ ਰੋਕਣ ਦੇ ਲਈ ਲਗਾਈਆਂ ਗਈ ਸਖਤ ਪਾਬੰਦੀਆਂ ਨੂੰ ਹਟਾਉਣ ਜਾਂ ਹੋਰ ਅੱਗੇ ਵਧਾਉਣ ਸਬੰਧੀ ਫੈਸਲਾ ਵਿਕਟੋਰੀਆ ਦੇ ਚੀਫ਼ ਮੈਡੀਕਲ ਅਫ਼ਸਰ ਬਰੈੱਟ ਸੱਟਨ ਦੇ ਨਾਲ ਸਲਾਹ-ਮਸ਼ਵਰਾ ਕਰਕੇ ਹੀ ਲਿਆ ਜਾਵੇਗਾ ਅਤੇ ਇਸ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ।”
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਕੱਲ੍ਹ ਇਸ ਸਬੰਧੀ ਕਿਹਾ ਸੀ ਕਿ ਵਿਕਟੋਰੀਆ ਦੇ ਲੌਕਡਾਊਨ ਨੂੰ ਹਟਾਉਣਾ ਜਾਂ ਇਸਨੂੰ ਹੋਰ ਅੱਗੇ ਵਧਾਉਣਾ, ਵਿਕਟੋਰੀਆ ਦੇ ਚੀਫ਼ ਮੈਡੀਕਲ ਅਫ਼ਸਰ ਦੀ ਸਲਾਹ ‘ਤੇ ਨਿਰਭਰ ਕਰਦਾ ਹੈ।
ਵਿਕਟੋਰੀਆ ਦੇ ਵਿੱਚ ਡੈਲਟਾ ਵੇਰੀਐਂਟ ਦਾ ਫੈਲਾਅ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਅੱਜ ਕੋਵਿਡ -19 ਦੇ ਸਥਾਨਕ 73 ਨਵੇਂ ਕੇਸ ਦਰਜ ਕੀਤੇ ਗਏ ਹਨ। ਵਿਕਟੋਰੀਆ ਦੇ ਵਿੱਚ ਕੋਵਿਡ -19 ਦੇ ਅੱਜ ਮਿਲੇ 73 ਨਵੇਂ ਕੇਸਾਂ ਦੇ ਵਿੱਚੋਂ 52 ਪਹਿਲਾਂ ਤੋਂ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 21 ਨਵੇਂ ਕਮਿਊਨਿਟੀ ਕੇਸ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਵਾਇਰਸ ਦੇ ਫੈਲਾਅ ਵਾਲੀਆਂ ਥਾਵਾਂ ਦੀ ਗਿਣਤੀ ਵੱਧਕੇ ਹੁਣ 930 ‘ਤੇ ਪੁੱਜ ਗਈ ਹੈ। ਇਹਨਾਂ ਕੇਸਾਂ ਦੇ ਸਬੰਧੀ ਵਿਸਥਾਰ ਦੇ ਵਿੱਚ ਜਾਣਕਾਰੀ ਥੋੜ੍ਹੀ ਦੇਰ ਬਾਅਦ ਦਿੱਤੀ ਜਾਵੇਗੀ।
ਇਸੇ ਦੌਰਾਨ ਵਿਕਟੋਰੀਆ ਦੇ ਵਿੱਚ ਕੱਲ੍ਹ ਐਤਵਾਰ ਨੂੰ 41 ਹਜ਼ਾਰ 395 ਟੈਸਟ ਕੀਤੇ ਗਏ ਜਦਕਿ 26 ਹਜ਼ਾਰ 702 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ।