ਮੈਲਬੌਰਨ – ਵਿਕਟੋਰੀਆ ਦੇ ਵਿੱਚ ਡੈਲਟਾ ਵੇਰੀਐਂਟ ਦਾ ਫੈਲਾਅ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਹੁਣ ਇਸ ਵਾਇਰਸ ਦਾ ਫੈਲਾਅ ਰੀਜ਼ਨਲ ਵਿਕਟੋਰੀਆ ਦੇ ਵਿੱਚ ਵੀ ਹੋ ਗਿਆ ਹੈ। ਵਿਕਟੋਰੀਆ ਦੇ ਵਿੱਚ ਅੱਜ ਕੋਵਿਡ -19 ਦੇ ਸਥਾਨਕ 79 ਨਵੇਂ ਕੇਸ ਦਰਜ ਕੀਤੇ ਗਏ ਹਨ।
ਵਿਕਟੋਰੀਆ ਦੇ ਵਿੱਚ ਕੋਵਿਡ -19 ਦੇ ਅੱਜ ਮਿਲੇ 79 ਨਵੇਂ ਕੇਸਾਂ ਦੇ ਵਿੱਚੋਂ 53 ਪਹਿਲਾਂ ਤੋਂ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 26 ਨਵੇਂ ਕਮਿਊਨਿਟੀ ਕੇਸ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਨਵੇਂ ਕੇਸਾਂ ਵਿੱਚੋਂ ਕਿੰਨੇ ਇਸ ਵੇਲੇ ਕੁਆਰੰਟੀਨ ਦੇ ਵਿੱਚ ਹਨ, ਇਸ ਬਾਰੇ ਜਾਣਕਾਰੀ ਥੋੜ੍ਹੀ ਦੇਰ ਬਾਅਦ ਜਾਰੀ ਕੀਤੀ ਜਾਵੇਗੀ।
ਇਸੇ ਦੌਰਾਨ ਸ਼ੈਪਰਟਨ ਦੇ ਵਿੱਚ ਵਾਇਰਸ ਦੇ ਫੈਲਾਅ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਘਰ ਦੇ ਵਿੱਚ ਹੀ ਇਕਾਂਤਵਾਸ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਗਿਆ ਹੈ। ਵਿਕਟੋਰੀਆ ਦੇ ਵਿੱਚ 860 ਤੋਂ ਵੱਧ ਐਕਸਪੋਜਰ ਸਾਈਟਾਂ ਹਨ, ਨੋਰਥ ਵਿਕਟੋਰੀਆ ਵਿੱਚ ਏਚੁਕਾ, ਕਿਆਬਰਾਮ ਅਤੇ ਮੂਰੂਪਨਾ ਵਿੱਚ ਨਵੀਆਂ ਸਾਈਟਾਂ ਸੂਚੀਬੱਧ ਕੀਤੀਆਂ ਗਈਆਂ ਹਨ। ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਕਰਮਚਾਰੀ ਸ਼ੈਪਰਟਨ ਦੇ ਵਿੱਚ ਹਨ ਜੋ ਟੈਸਟਿੰਗ ਸੇਵਾਵਾਂ ਅਤੇ ਕਮਿਊਨਿਟੀ ਰਾਹਤ ਯਤਨਾਂ ਦੇ ਵਿੱਚ ਸਹਿਯੋਗ ਕਰ ਰਹੇ ਹਨ।
ਰੇਸਿੰਗ ਵਿਕਟੋਰੀਆ ਨੇ ਕੋਵਿਡ -19 ਪ੍ਰੋਟੋਕੋਲ ਦੀ ਉਲੰਘਣਾ ਕਰਨ ਕਰਕੇ ਚਾਰ ਦੌੜਾਕ ਘੋੜ-ਸਵਾਰਾਂ ‘ਤੇ ਕੇਸ ਦਰਜ ਕੀਤਾ ਹੈ।
ਵਿਕਟੋਰੀਆ ਦੇ ਵਿੱਚ ਵੀਰਵਾਰ ਨੂੰ 50,535 ਟੈਸਟ ਕੀਤੇ ਗਏ ਜਦਕਿ ਟੀਕੇ ਦੀਆਂ 33,611 ਖੁਰਾਕਾਂ ਦਿੱਤੀਆਂ ਗਈਆਂ ਗਈਆਂ ਹਨ।