ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਦੀ ਕਪਤਾਨੀ ਛੱਡ ਦੇਣਗੇ। ਹਾਲਾਂਕਿ ਉਹ ਇਕ ਕ੍ਰਿਕਟਰ ਵਜੋਂ ਟੀ-20 ਖੇਡਦੇ ਰਹਿਣਗੇ। ਉਨ੍ਹਾਂ ਨੇ ਵਨ ਡੇ ਤੇ ਟੈਸਟ ਦੀ ਕਪਤਾਨੀ ਨਹੀਂ ਛੱਡੀ ਹੈ। ਬੀਸੀਸੀਆਈ ਇਹ ਕਦਮ ਉਠਾਏ ਉਸ ਤੋਂ ਪਹਿਲਾਂ ਹੀ ਵਿਰਾਟ ਨੇ ਟੀ-20 ਫਾਰਮੈਟ ਦੀ ਕਪਤਾਨੀ ਛੱਡ ਦਿੱਤੀ। ਇਸ ਨਾਲ ਫ਼ਿਲਹਾਲ ਉਨ੍ਹਾਂ ਨੇ ਆਪਣੀ ਵਨ ਡੇ ਕਪਤਾਨੀ ਬਚਾਅ ਲਈ। ਆਪਣੀ ਅਗਵਾਈ ਵਿਚ ਮੁੰਬਈ ਇੰਡੀਅਨਜ਼ ਨੂੰ ਚਾਰ ਆਈਪੀਐੱਲ ਖ਼ਿਤਾਬ ਦਿਵਾਉਣ ਵਾਲੇ ਰੋਹਿਤ ਸ਼ਰਮਾ ਦਾ ਟੀ-20 ਵਿਸ਼ਵ ਕੱਪ ਤੋਂ ਬਾਅਦ ਸਭ ਤੋਂ ਛੋਟੇ ਫਾਰਮੈਟ ਵਿਚ ਟੀਮ ਇੰਡੀਆ ਦਾ ਕਪਤਾਨ ਬਣਨਾ ਤੈਅ ਹੋ ਗਿਆ ਹੈ। ਵਿਰਾਟ ਦੀ ਗ਼ੈਰਮੌਜੂਦਗੀ ਵਿਚ ਰੋਹਿਤ ਪਹਿਲਾਂ ਵੀ ਕਪਤਾਨੀ ਕਰਦੇ ਰਹੇ ਹਨ। ਉਨ੍ਹਾਂ ਦੇ ਕਪਤਾਨ ਰਹਿੰਦੇ ਹੋਏ ਭਾਰਤ ਨੇ 19 ਟੀ-20 ਮੈਚਾਂ ਵਿਚੋਂ 15 ਜਿੱਤੇ ਹਨ। ਸਾਲ 2017 ਵਿਚ ਟੀ-20 ਕਪਤਾਨ ਬਣੇ ਕੋਹਲੀ ਹੁਣ ਤਕ ਭਾਰਤ ਨੂੰ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿਤਵਾ ਸਕੇ। ਆਉਣ ਵਾਲਾ ਟੀ-20 ਵਿਸ਼ਵ ਕੱਪ ਉਨ੍ਹਾਂ ਦੀ ਕਪਤਾਨੀ ਵਿਚ ਆਖ਼ਰੀ ਮੌਕਾ ਹੋਵੇਗਾ। ਆਈਪੀਐੱਲ 2021 ਦੇ ਦੂਜੇ ਗੇੜ ਤੋਂ ਬਾਅਦ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤਕ ਹੋਵੇਗਾ। ਭਾਰਤ ਆਪਣੇ ਸ਼ੁਰੂਆਤੀ ਮੈਚ ਵਿਚ 24 ਅਕਤੂਬਰ ਨੂੰ ਪਾਕਿਸਤਾਨ ਨਾਲ ਭਿੜੇਗਾ।