ਮੈਂਗਲੁਰੂ – ਮਹੀਨਿਆਂ ਤਕ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਨਾਂ ਵਾਲੀਆਂ ਪੱਟੀਆਂ ਤੋਂ ਅਡਾਨੀ ਹਵਾਈ ਅੱਡੇ ਦਾ ਉਪ ਨਾਂ ਹਟਾ ਦਿੱਤਾ ਗਿਆ ਹੈ। ਹਵਾਈ ਅੱਡੇ ਅਧਿਕਾਰੀਆਂ ਦੇ ਸਾਹਮਣੇ ਇਸ ਮੁੱਦੇ ਨੂੰ ਉਠਾਉਣ ਵਾਲੇ ਸਮਾਜ-ਸੇਵੀ ਧੀਰਜ ਅਲਵਾ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਡਾਨੀ ਗਰੁੱਪ ਵੱਲੋਂ ਹਵਾਈ ਅੱਡੇ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਵਾਲੀਆਂ ਅਸਲੀ ਨਾਂ ਵਾਲੀਆਂ ਪੱਟੀਆਂ (ਨੇਮ ਬੋਰਡ) ਫਿਰ ਤੋਂ ਲਗਾ ਦਿੱਤੀਆਂ ਗਈਆਂ ਹਨ। ਰੱਖ-ਰਖਾਵ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਅਡਾਨੀ ਗਰੁੱਪ ਨੇ ਨਾਂ ਵਾਲੀਆਂ ਪੱਟੀਆਂ ’ਚ ਅਡਾਨੀ ਹਵਾਈ ਅੱਡਾ ਸ਼ਬਦ ਜੋੜਦੇ ਹੋਏ ਮੈਂਗਲੁਰੂ ਹਵਾਈ ਅੱਡੇ ਦਾ ਨਾਂ ਬਦਲ ਦਿੱਤਾ ਸੀ। ਹਾਲਾਂਕਿ, ਰੱਖ-ਰਖਾਵ ਸਬੰਧੀ ਕਰਾਰ ਵਿਚ ਹਵਾਈ ਅੱਡੇ ਦਾ ਨਾਂ ਬਦਲਣ ਦਾ ਕੋਈ ਮਤਾ ਨਹੀਂ ਸੀ। ਇਹ ਗੱਲ ਸੂਚਨਾ ਦਾ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ’ਚ ਸਾਹਮਣੇ ਆਈ ਸੀ। ਇਸ ’ਤੇ ਸਵਾਲ ਉਠਾਉਂਦੇ ਹੋਏ ਮਾਰਚ ’ਚ ਭਾਰਤੀ ਹਵਾਈ ਅੱਡਾ ਅਥਾਰਟੀ ਤੇ ਮੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਸੀ। ਅਲਵਾ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਰੰਗ ਲਿਆਈ ਅਤੇ ਸ਼ੁੱਕਰਵਾਰ ਨੂੰ ਹਵਾਈ ਅੱਡੇ ਦੀਆਂ ਪੁਰਾਣੀਆਂ ਨਾਂ ਵਾਲੀਆਂ ਪੱਟੀਆਂ ਵਾਪਸ ਲਗਾ ਦਿੱਤੀਆਂ ਗਈਆਂ। ਹਵਾਈ ਅੱਡੇ ਦੇ ਫੇਸਬੁੱਕ ਤੇ ਟਵਿੱਟਰ ਅਕਾਊਂਟ ’ਚ ਵੀ ਇਹ ਬਦਲਾਅ ਲਾਗੂ ਕੀਤਾ ਗਿਆ ਹੈ।