News Breaking News Latest News Punjab

ਵੈਨਕੂਵਰ ’ਚ ਕਾਮਾਗਾਟਾਮਾਰੂ ਯਾਦਗਾਰ ’ਤੇ ਮਲ਼ੀ ਸਫੈਦੀ

ਤਰਨਤਾਰਨ – ਮਈ 2014 ’ਚ ਕੈਨੇਡਾ ਦੇ ਸ਼ਹਿਰ ਵੈਨਕੂਵਰ ’ਚ ਪਹੁੰਚੇ ਪੰਜਾਬ ਦੇ 376 ਸਵਾਰਾਂ ਵਾਲੇ ਜਪਾਨੀ ਜਹਾਜ਼ ਕਾਮਾਗਾਟਾਮਾਰੂ ਦੇ ਸਵਾਰਾਂ ਨੂੰ ਨਸਲਵਾਦੀ ਕਾਨੂੰਨ ਦੇ ਚੱਲਦਿਆਂ ਕੈਨੇਡਾ ਦੀ ਧਰਤੀ ’ਤੇ ਪੈਰ ਨਾ ਪਾਉਣ ਦੇਣ ਦੀ ਘਟਨਾ ਸਬੰਧੀ ਵੈਨਕੂਵਰ ’ਚ ਬਣੇ ਕਾਮਾਗਾਟਾਮਾਰੂ ਮੈਮੋਰੀਅਲ ’ਤੇ ਸਫੈਦੀ ਪੋਤਣ ਦੀ ਘਟਨਾ ਨਾਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਵਾਸੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸਰਹਾਲੀ ਉਹ ਪਿੰਡ ਹੈ, ਜਿਥੋਂ ਦੇ ਬਾਬਾ ਗੁਰਦਿੱਤ ਸਿੰਘ ਨੇ ਇਸ ਜਹਾਜ਼ ਨੂੰ ਕਿਰਾਏ ’ਤੇ ਲੈ ਕੇ ਉਨ੍ਹਾਂ ਹਮਵਤਨ ਲੋਕਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਸੀ, ਜਿਨ੍ਹਾਂ ਦੇ ਦਾਖ਼ਲੇ ’ਤੇ ਕੈਨੇਡਾ ਸਰਕਾਰ ਨੇ ਰੋਕ ਲਗਾਈ ਸੀ। ਬਾਬਾ ਗੁਰਦਿੱਤ ਸਿੰਘ ਸਰਹਾਲੀ ਦੇ ਜੱਦੀ ਘਰ ਅਤੇ ਜਨਮ ਅਸਥਾਨ ਦੇ ਕੋਲ ਇਕੱਤਰ ਹੋਏ ਪਿੰਡ ਵਾਸੀਆਂ ਨੇ ਮੈਮੋਰੀਅਲ ’ਤੇ ਦਰਜ ਨਾਵਾਂ ਉੱਪਰ ਸਫੈਦ ਰੰਗ ਪੋਤਣ ਦੀ ਘਟਨਾ ’ਤੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਕੈਨੇਡਾ ਦੇ ਨਸਲਵਾਦੀ ਅਧਿਆਏ ਦੀ ਯਾਦ ਦਿਵਾਉਂਦੀ ਹੈ। ਇਤਿਹਾਸ ਦੱਸਦਾ ਹੈ ਕਿ ਕਾਮਾਗਾਟਾ ਮਾਰੂ ਨਾਂ ਦੇ ਸਮੁੰਦਰੀ ਜਹਾਜ਼ ਵਿਚ ਬਾਬਾ ਗੁਰਦਿੱਤ ਸਿੰਘ 376 ਪੰਜਾਬੀ ਜਿਨ੍ਹਾਂ ਵਿਚ ਸਿੱਖ, ਹਿੰਦੂ ਤੇ ਮੁਸਲਿਮ ਸ਼ਾਮਲ ਸਨ, ਲੈ ਕੇ 4 ਅਪ੍ਰੈਲ 1914 ਨੂੰ ਕੈਨੇਡਾ ਲਈ ਰਵਾਨਾ ਹੋਏ ਸਨ। 23 ਮਈ ਨੂੰ ਕੈਨੇਡਾ ਦੇ ਰਾਜ ਬ੍ਰਿਟਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਦੇ ਤਟ ’ਤੇ ਪਹੁੰਚੇ ਜਹਾਜ਼ ਨੂੰ ਉਥੇ ਲੰਗਰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਨਾ ਹੀ ਨਸਲਵਾਦੀ ਕਾਨੂੰਨ ਦੇ ਚੱਲਦਿਆਂ ਭਾਰਤੀ ਯਾਤਰੀਆਂ ਨੂੰ ਉਥੇ ਪੈਰ ਰੱਖਣ ਦਿੱਤਾ ਗਿਆ।

ਕੈਨੇਡਾ ਵੱਲੋਂ ਵਾਪਸ ਭੇਜਿਆ ਗਿਆ ਇਹ ਜਹਾਜ਼ ਕੋਲਕਾਤਾ ਦੇ ਬਜ ਬਜ ਤਟ ’ਤੇ ਪਹੁੰਚਿਆ ਜਿਥੇ ਸਤੰਬਰ 1914 ਨੂੰ ਬ੍ਰਿਟਸ਼ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ 19 ਯਾਤਰੂਆਂ ਦੀ ਸ਼ਹਾਦਤ ਹੋ ਗਈ। 20ਵੀਂ ਸਦੀ ਦੀ ਇਸ ਘਟਨਾ ਨੇ ਆਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ ਸੀ।ਕਾਮਾਗਾਟਾਮਾਰੂ ਤ੍ਰਾਸਦੀ ਦੇ ਇਕ ਸ਼ਤਾਬਦੀ ਬੀਤਣ ਤੋਂ ਬਾਅਦ ਕੈਨੇਡਾ ਵਿਚ ਬਣੀ ਜਸਟਿਨ ਟਰੂਡੋ ਸਰਕਾਰ ਨੇ ਇਸ ਘਟਨਾ ਸਬੰਧੀ ਪੰਜਾਬੀਆਂ ਕੋਲੋਂ ਮਾਫੀ ਵੀ ਮੰਗੀ। ਵੈਨਕੂਵਰ ਵਿਚ ਸਥਿਤ ਕਾਮਾਗਾਟਾਮਾਰੂ ਘਟਨਾ ਦੀ ਯਾਦਗਾਰ ’ਤੇ ਦਰਜ ਕੀਤੇ ਗਏ ਇਸ ਦੇ ਸਵਾਰਾਂ ਦੇ ਨਾਵਾਂ ਉੱਪਰ ਸਫੈਦ ਰੰਗ ਪੋਤਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਬਾਬਾ ਗੁਰਦਿੱਤ ਸਿੰਘ ਦੇ ਪਿੰਡ ਵਾਸੀਆਂ ਨੇ ਗਹਿਰਾ ਰੋਸ ਜ਼ਾਹਰ ਕੀਤਾ ਹੈ।

ਪਿੰਡ ਸਰਹਾਲੀ ਦੇ ਸਰਪੰਚ ਅਮੋਲਕਜੀਤ ਸਿੰਘ ਸੰਧੂ ਤੋਂ ਇਲਾਵਾ ਹੋਰ ਵਾਸੀਆਂ ਕੁਲਵੰਤ ਸਿੰਘ, ਅਮਨਦੀਪ ਸਿੰਘ, ਮੁਖਤਾਰ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਅਤੇ ਕੋਲਕਾਤਾ ਦੀ ਬੰਦਰਗਾਹ ’ਤੇ ਸ਼ਹੀਦ ਹੋਣ ਵਾਲਿਆਂ ਨਾਲ ਸਬੰਧਤ ਯਾਦਗਾਰ ਦਾ ਨਿਰਾਦਰ ਕਰਨਾ ਇਕ ਵਾਰ ਫਿਰ ਤੋਂ ਨਸਲਵਾਦੀ ਘਟਨਾ ਦੀ ਯਾਦ ਤਾਜ਼ਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ।

Related posts

ਗਮਾਡਾ ਵਲੋਂ ਲੈਂਡ-ਪੂਲਿੰਗ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 30 ਸਤੰਬਰ !

admin

ਸ਼੍ਰੋਮਣੀ ਕਮੇਟੀ ਵਲੋਂ ਏਆਈ ਟੂਲਸ ਰਾਹੀਂ ਗੁਰਬਾਣੀ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ !

admin

ਪੁਲਿਸ ਦੀ ਮੁਅੱਤਲ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਭਗੌੜੀ ਕਰਾਰ !

admin