ਬੈਂਕਾਕ – ਥਾਈਲੈਂਡ ਵਿੱਚ ਮੰਗਲਵਾਰ ਨੂੰ ਬੈਂਕਾਕ ਦੇ ਬਾਹਰਵਾਰ ਵਾਟ ਖਾਓ ਫਰਾਇਆ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿਚ 25 ਵਿਦਿਆਰਥੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਥਾਈਲੈਂਡ ਦੇ ਖੁ ਖੋਤ ਵਿੱਚ ਜ਼ੇਰ ਰੰਗਸਿਟ ਸ਼ਾਪਿੰਗ ਮਾਲ ਨੇੜੇ ਫਹਾਨ ਯੋਥਿਨ ਰੋਡ ‘ਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 12.30 ਵਜੇ ਵਾਪਰਿਆ। ਰਾਜਧਾਨੀ ਬੈਂਕਾਕ ਤੋਂ ਲਗਭਗ 250 ਕਿਲੋਮੀਟਰ (155 ਮੀਲ) ਉੱਤਰ ਵਿੱਚ ਉਥਾਈ ਥਾਨੀ ਸੂਬੇ ਤੋਂ ਜਾ ਰਹੀ ਬੱਸ ਵਿਚ ਛੇ ਅਧਿਆਪਕਾਂ ਸਮੇਤ 44 ਵਿਦਿਆਰਥੀ ਸਵਾਰ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਆਖਰੀ ਖ਼ਬਰ ਮਿਲਣ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਪੁਲਸ ਮੁਤਾਬਕ 16 ਵਿਦਿਆਰਥੀਆਂ ਅਤੇ ਤਿੰਨ ਅਧਿਆਪਕਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਟਰਾਂਸਪੋਰਟ ਮੰਤਰੀ ਸੂਰਿਆ ਜੁਆਂਗਰੂਂਗਰੂਆਂਗਕਿਟ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਈ।