ਚੰਡੀਗੜ – ਪੰਜਾਬ ਦੇ ਯੋਜਨਾ ਵਿਭਾਗ ਨੇ ਯੂ.ਐਨ.ਡੀ.ਪੀਜ਼ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਅੱਜ ਇੱਥੇ ਐਕਸ਼ਨ ਐਵਾਰਡ ਜੇਤੂਆਂ ਦਾ ਸਨਮਾਨ ਕੀਤਾ। ਇਸ ਸਮਾਗਮ ਵਿੱਚ ਡਿਪਟੀ ਰੈਜੀਡੈਂਟ ਪ੍ਰਤੀਨਿਧੀ ਯੂ.ਐਨ.ਡੀ.ਪੀ-ਇੰਡੀਆ ਨਾਦੀਆ ਰਾਸੀਦ, ਨੀਤੀ ਆਯੋਗ ਦੀ ਸਲਾਹਕਾਰ ਸੰਯੁਕਤਾ ਸਮਾਦਰ, ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਅਤੇ 200 ਤੋਂ ਜ਼ਿਆਦਾ ਲੋਕਾਂ ਨੇ ਸ਼ਿਕਰਤ ਕੀਤੀ।ਐਕਸ਼ਨ ਐਵਾਰਡ 5 ਸ੍ਰੇਣੀਆਂ ਯਾਨੀ ਸਰਕਾਰੀ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ, ਅਕਾਦਮਿਕ, ਨਿੱਜੀ ਖੇਤਰ ਅਤੇ ਮੀਡੀਆ ਨੂੰ ਦਿੱਤੇ ਗਏ, ਜਿਨਾਂ ਨੇ ਰਾਜ ਦੇ ਵਿਕਾਸ ਲਈ ਨਵੀਆਂ ਖੋਜਾਂ ਕੀਤੀਆਂ ਹਨ। ਜੇਤੂਆਂ ਨੇ ਆਪਣੇ ਵਿਲੱਖਣ ਵਿਚਾਰਾਂ ਤੇ ਖੋਜਾਂ ਰਾਹੀਂ ਸਮਾਜਿਕ ਅਤੇ ਆਰਥਿਕ ਉੱਨਤੀ, ਵਾਤਾਵਰਣ ਸਥਿਰਤਾ, ਏਕੀਕਰਨ ਅਤੇ ਕਿਸੇ ਨੂੰ ਪਿੱਛੇ ਨਾ ਛੱਡਣ ਦੀ ਪਹੁੰਚ ਸਬੰਧੀ ਮਿਸਾਲੀ ਕਾਢਾਂ ਨਾਲ ਰਾਜ ਵਿੱਚ ਟਿਕਾਊ ਵਿਕਾਸ ਦੇ ਯਤਨਾਂ ਵਿੱਚ ਯੋਗਦਾਨ ਪਾਇਆ ਹੈ।ਜੇਤੂਆਂ ਦੀ ਚੋਣ ਲਈ ਜਿਊਰੀ ਵੱਲੋਂ ਐਂਟਰੀਆਂ ਦਾ ਮੁਲਾਂਕਣ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖਕੇ ਕੀਤਾ ਗਿਆ। ਜਸਟਿਸ (ਸੇਵਾਮੁਕਤ) ਕੇ.ਐਸ. ਗਰੇਵਾਲ ਦੀ ਅਗਵਾਈ ਵਾਲੇ ਜਿਊਰੀ ਪੈਨਲ ਨੇ 10 ਜੇਤੂਆਂ ਅਰਥਾਤ 5 ਸ਼੍ਰੇਣੀਆਂ ਵਿੱਚੋਂ ਪਹਿਲੇ ਅਤੇ ਦੂਜੇ ਇਨਾਮ ਦੇ ਜੇਤੂਆਂ ਦੀ ਚੋਣ ਕੀਤੀ।