ਜਲੰਧਰ, (ਪਰਮਿੰਦਰ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਰਪੰਚ, ਨੰਬਰਦਾਰ ਅਤੇ ਮਿਊਂਸੀਪਲ ਕੌਂਸਲਰ (ਐਮ.ਸੀਜ਼) ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨਗੇ। ਡਾ. ਅਗਰਵਾਲ ਨੇ ਦੱਸਿਆ ਕਿ ਸਭ ਤੋਂ ਵੱਧ ਮੰਗ ਵਾਲੀਆਂ ਸੇਵਾਵਾਂ ਜਿਵੇਂ ਰਿਹਾਇਸ਼ੀ ਸਰਟੀਫਿਕੇਟ, ਜਾਤੀ (ਐਸ.ਸੀ., ਬੀ.ਸੀ./ਓ.ਬੀ.ਸੀ.) ਸਰਟੀਫਿਕੇਟ, ਆਮਦਨ ਸਰਟੀਫਿਕੇਟ, ਈ. ਡਬਲਿਊ.ਐਸ. ਸਰਟੀਫਿਕੇਟ, ਬੁਢਾਪਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਸਬੰਧੀ ਅਰਜ਼ੀਆਂ ਤਸਦੀਕ ਲਈ ਸਬੰਧਤ ਸਰਪੰਚ, ਨੰਬਰਦਾਰ ਅਤੇ ਐਮ.ਸੀ. ਨੂੰ ਆਨਲਾਈਨ ਭੇਜੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਆਨਲਾਈਨ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਨਾਗਰਿਕਾਂ ਨੂੰ ਸਰਪੰਚਾਂ, ਨੰਬਰਦਾਰਾਂ ਜਾਂ ਐਮ.ਸੀਜ਼ ਤੋਂ ਦਸਤਖਤ ਕਰਵਾਉਣ ਲਈ ਵਾਰ-ਵਾਰ ਜਾਣਾ ਨਹੀਂ ਪਵੇਗਾ।