ਤਰਨਤਾਰਨ – ਖਾਲੜਾ ਸੈਕਟਰ ’ਚ ਸਰਹੱਦ ਟੱਪ ਕੇ ਭਾਰਤੀ ਖੇਤਰ ‘ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਬੀਐੱਸਐੱਫ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਹੈ। ਉਕਤ ਵਿਅਕਤੀ ਕੋਲੋਂ 100 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਫਿਲਹਾਲ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਅਗਲੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸਰਹੱਦੀ ਚੌਂਕੀ ਕਰਮਾ ’ਤੇ ਤਾਇਨਾਤ ਬੀਐੱਸਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਜ਼ੀਰੋ ਲਾਈਨ ਟੱਪ ਕੇ ਭਾਰਤੀ ਖੇਤਰ ‘ਚ ਦਾਖ਼ਲ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ। ਬੀਐੱਸਐੱਫ ਦੇ ਕੰਪਨੀ ਕਮਾਂਡਰ ਉਮਪਾਲ ਸਿੰਘ ਨੇ ਉਕਤ ਵਿਅਕਤੀ ਨੂੰ ਥਾਣਾ ਖਾਲੜਾ ਦੀ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਫਿਆਜ ਗੁਲਾਮ ਅਲੀ ਪੁੱਤਰ ਪੀਰ ਇਸ਼ਾਕ ਵਾਸੀ ਗਲੀ ਨੰਬਰ 15, ਭਗਵਾਨਪੁਰਾ ਜ਼ਿਲ੍ਹਾ ਲਾਹੋਰ ਵਜੋਂ ਪਛਾਣੇ ਗਏ ਉਕਤ ਵਿਅਕਤੀ ਕੋਲੋਂ 100 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।