Articles

ਸਵਾਰਥ ਸਾਡੀ ਜਿੰਦਗੀ ਵਿੱਚ ਭਾਰੂ ਕਿਉਂ ਹੈ ?

ਅਸੀਂ ਸਭ ਕੁੱਝ ਛਿੱਕੇ ਟੰਗ ਕੇ ਆਪਣਾ ਉੱਲੂ ਸਿੱਧਾ ਕਰਦੇ ਹਾਂ, ਦੂਜਾ ਭਾਵੇਂ ਖੂਹ ਵਿੱਚ ਜਾਵੇ।
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਸਾਡੇ ਜੀਵਨ ਦੇ ਚੱਲਦੇ ਪੰਧ ਵਿੱਚ ਆਪੋਧਾਪੀ ਮਚੀ ਹੋਈ ਹੈ। ਸਵਾਰਥ ਸਾਡੀ ਜਿੰਦਗੀ ਵਿੱਚ ਭਾਰੂ ਹੈ। ਸਵਾਰਥ ਮਨੁੱਖ ਦੀ ਹੋਂਦ ਦੇ ਨਾਲ-ਨਾਲ ਚੱਲਦਾ ਹੈ। ਇਸ ਦੇ ਤਾਣੇ-ਬਾਣੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੇਂ ਅਸੀਂ ਸਭ ਕੁੱਝ ਛਿੱਕੇ ਟੰਗ ਕੇ ਆਪਣਾ ਉੱਲੂ ਸਿੱਧਾ ਕਰਦੇ ਹਾਂ, ਦੂਜਾ ਭਾਵੇਂ ਖੂਹ ਵਿੱਚ ਜਾਵੇ। ਆਪਣੇ ਅੰਦਰ ਸੱਚੇ ਮੰਨ ਨਾਲ ਝਾਤੀ ਮਾਰਕੇ ਦੇਖੀਏ ਤਾਂ ਲੱਗਦਾ ਹੈ ਕਿ ਮੈਂ ਵੀ ਸਵਾਰਥੀ ਹਾਂ। ਉਂਝ ਤਾਂ ਸਾਰੀ ਦੁਨੀਆਂ ਸਵਾਰਥੀ ਹੈ ਪਰ ਅਸੀਂ ਵੀ ਉਹਨਾਂ ਵਿੱਚੋਂ ਇੱਕ ਹੁੰਦੇ ਹਾਂ। ਸਾਡਾ ਜੀਵਨ ਸਵਾਰਥ ਨਾਲੋਂ ਪਰਸਵਾਰਥੀ ਅਤੇ ਪਰਉਪਕਾਰੀ ਬਣੇ ਤਾਂ ਜੀਵਨ ਸੁਖਾਲਾ ਹੁੰਦਾ ਹੈ। ਮਤਲਬ ਲਈ ਗਧੇ ਨੂੰ ਬਾਪ ਬਣਾਉਣ ਦਾ ਸੰਕਲਪ ਦਰ ਕਿਨਾਰ ਹੋਣਾ ਚਾਹੀਦਾ ਹੈ। ਸਮਾਜ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਸਵਾਰਥੀ ਦੂਰੋਂ ਹੀ ਪਛਾਣਿਆ ਜਾਂਦਾ ਹੈ। ਉਸ ਦੇ ਸਵਾਰਥ ਦੀ ਸਿੱਧੀ ਅਗਲੇ ਉੱਤੇ ਨਿਰਭਰ ਕਰਦੀ ਹੈ। ਸਵਾਰਥੀ ਦੀ ਅੱਖ ਅੰਦਰੋਂ ਜ਼ਰੂਰ ਸ਼ਰਮਾਉਂਦੀ ਹੈ। ਉਸ ਦੀ ਆਦਤ ਪੱਕ ਚੁੱਕੀ ਹੁੰਦੀ ਹੈ। ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਮਝਣ ਵਿੱਚ ਵੀ ਨਾਕਾਮ ਰਹੇ। ਸ਼੍ਰੀ ਗੁਰੂ ਅਰਜਨ ਦੇਵ ਜੀ ਸਮਝਾ ਵੀ ਗਏ ਸਨ:

“ਕਿਸੈ ਨਾ ਬਦੈ ਆਪਿ ਅਹੰਕਾਰੀ, ਧਰਮਰਾਇ ਤਿਸੁ ਕਰੇ ਖੁਆਰੀ, ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ, ਸੋ ਜਨੁ ਨਾਨਕ ਦਰਗਹ ਪਰਵਾਨੁ”
ਸਾਡੇ ਵਿੱਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਚਾਹਨਾ ਹੁੰਦੀ ਹੈ। ਸਾਡੀ ਕੋਸਿਸ਼ ਹੁੰਦੀ ਹੈ ਕਿ ਅਸੀਂ ਅਗਲੇ ਨੂੰ ਮਿੱਧ ਕੇ ਅੱਗੇ ਲੰਘੀਏ, ਜਦੋਂ ਕਿ ਇਹ ਅਭਿਆਸ ਗਲਤ ਹੁੰਦਾ ਹੈ। ਸਾਨੂੰ ਆਪਣਾ ਵੱਖਰਾ ਰਸਤਾ ਅਖਤਿਆਰ ਕਰਕੇ ਅੱਗੇ ਲੰਘਣਾ ਚਾਹੀਦਾ ਹੈ। ਇਸ ਧਾਰਨਾ ਵਿੱਚ ਸਾਡਾ ਸਵਾਰਥ ਅਤੇ ਈਰਖਾ ਲੁਕੀ ਹੈ। ਸਾਇੰਸ ਦੱਸਦੀ ਹੈ ਕਿ ਸਾਹਮਣੇ ਖੜਾ ਬੰਦਾ ਹਲੀਮੀ ਨਾਲ ਪੇਸ਼ ਆਵੇ ਤਾਂ ਸਵਾਰਥੀ ਬੰਦੇ ਦੇ ਦਿਮਾਗ ਅੰਦਰਲੇ ਸੈਲਫਿਸ਼ ਝੱਟਕੇ ਉਸ ਨੂੰ ਦੂਜੇ ਦਾ ਫਾਇਦਾ ਲੈਣ ਲਈ ਉਕਸਾਉਂਦੇ ਰਹਿੰਦੇ ਹਨ, ਇੰਝ ਸਵਾਰਥੀ ਬੰਦਾ ਦਿਮਾਗ ਵਿੱਚਲੇ ਸੁਨੇਹਿਆ ਦੇ ਭੰਡਾਰ ਹੇਠ ਦੂਜੇ ਦਾ ਮਾੜਾ ਕਰ ਜਾਂਦਾ ਹੈ। ਆਮ ਲੋਕਾਂ ਵਿੱਚ ਸਵਾਰਥੀ ਬੰਦੇ ਦੇ ਲੱਛਣ ਇਹ ਹੁੰਦੇ ਹਨ ਕਿ ਬਦਲਾ ਲਊ ਭਾਵਨਾ, ਆਵਾਜ਼ ਨਰਮ ਰੱਖਣੀ, ਕਿੰਤੂ ਪ੍ਰੰਤੂ ਸਵਿਕਾਰ ਨਾ ਕਰਨਾ, ਝੂਠ ਦੀ ਮੁਹਾਰਤ ਵਗੈਰਾ-ਵਗੈਰਾ। ਸਵਾਰਥ ਅਜਿਹੀ ਚੀਜ ਹੈ ਜੋ ਬੰਦੇ ਨੂੰ ਆਪਣੇ ਆਪ ਸਿਆਣਾ ਬਣਾ ਦਿੰਦੀ ਹੈ। ਜਿਸ ਨਾਲ ਕੰਮ ਵਾਹ ਵਾਸਤਾ ਪੈਣ ਦੀ ਆਸ ਹੋਵੇ ਉਸ ਪ੍ਰਤੀ ਸ਼ਬਦਾਵਲੀ ਬਦਲ ਜਾਂਦੀ ਹੈ। ਉਂਝ ਸਵਾਰਥ ਬੁਰੀ ਆਦਤ ਹੈ ਇਸ ਨੂੰ ਤਿਆਗ ਕੇ ਖੁਦ ਬਾਹੂਵਲੀ ਬਣਨਾ ਚਾਹੀਦਾ ਹੈ। ਸਵਾਰਥੀ ਆਪਣੇ ਗੁਣ ਤੋਂ ਜਾਣੂ ਹੁੰਦਾ ਹੋਇਆ ਵੀ ਅਨਜਾਣ ਬਣ ਜਾਂਦਾ ਹੈ। ਇਹ ਥਾਮਸ ਕਾਰਲਾਇਲ ਦੇ ਇਸ ਕਥਨ ਨੂੰ ਝੂਠਾ ਕਰ ਦਿੰਦਾ ਹੈ, “ਆਦਮੀ ਦਾ ਸਭ ਤੋਂ ਵੱਡਾ ਔਗਣ ਆਪਣੇ ਕਿਸੇ ਔਗਣ ਤੋਂ ਜਾਣੂ ਨਾ ਹੋਣਾ ਹੈ”। ਮਨੁੱਖ ਬੁਨਿਆਦੀ ਤੌਰ ਤੇ ਚੰਗਾ ਹੁੰਦਾ ਹੈ ਪਰ ਸਵਾਰਥ ਭਰਪੂਰ ਜਿੰਦਗੀ ਇਸ ਦੇ ਆਸ਼ਾਵਾਦੀ ਗੁਣਾਂ ਨੂੰ ਨਿਰਾਸ਼ਾਵਾਦ ਵੱਲ ਧੱਕਣ ਦਾ ਕੰਮ ਕਰਦੀ ਹੈ। ਹਾਂ ਇਕ ਗੱਲ ਜ਼ਰੂਰ ਹੈ ਜੇ ਅਸੀਂ ਸਵਾਰਥੀ ਦੀ ਪਹਿਚਾਣ ਕਰਦੇ ਹਾਂ ਤਾਂ ਘੱਟੋ ਘੱਟ ਆਪਣੇ ਆਪ ਨੂੰ ਇਸ ਆਦਤ ਤੋਂ ਦੂਰ ਰੱਖ ਸਕਦੇ ਹਾਂ।
ਮਨੁੱਖ ਉਹੀ ਕੁੱਝ ਕਰਦਾ ਹੈ ਜੋ ਸੋਚਦਾ ਹੈ। ਸਵਾਰਥ ਦੀ ਲੋੜ ਅਤੇ ਹੋੜ ਰੱਖਣਾ ਅਨੈਤਿਕਤਾ ਅਤੇ ਆਤਮਿਕ ਦੀਵਾਲੀਪਣ ਹੁੰਦਾ ਹੈ, ਇਹ ਹੋਰ ਕਿਸੇ ਕਾਸੇ ਜੋਗਾ ਨਹੀਂ ਰਹਿਣ ਦਿੰਦਾ। ਅੱਜ ਦੇ ਯੁੱਗ ਵਿੱਚ ਸਵਾਰਥ ਸੱਚਾ ਜਿਹਾ ਅਤੇ ਪਰਸਵਾਰਥ ਝੂਠਾ ਜਿਹਾ ਨਜ਼ਰੀ ਆਉਂਦਾ ਹੈ। ਇਹ ਇਕ ਆਮ ਵਰਤਾਰਾ ਅਤੇ ਆਦਤ ਬਣ ਚੁੱਕੀ ਹੈ। ਇਹ ਬਿਰਤੀ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਸਿਆਣੇ ਕਹਿੰਦੇ ਹਨ ਨਾ-ਸ਼ੁਕਰੇ ਵਿਅਕਤੀ ਨਾਲੋਂ ਵਫਾਦਾਰ ਕੁੱਤਾ ਪਾਲ ਲਵੋਂ ਤਾਂ ਚੰਗਾ ਹੈ। ਸਵਾਰਥ ਵੇਲੇ ਬੇਹੱਦ ਨਿਮਰਤਾ ਆ ਜਾਂਦੀ ਹੈ ਬਾਦ ਵਿੱਚ ਵਿਅਕਤੀ ਆਪਣੀ ਅਸਲ ਜਿੰਦਗੀ ਵੱਲ ਪਰਤ ਆਉਂਦਾ ਹੈ। ਸਵਾਰਥ ਨੁਮਾ ਜਿੰਦਗੀ ਨਾਲ ਜੀਵਨ ਸੁਖਾਲਾ ਨਹੀਂ ਬਲਕਿ ਪਰਤ ਦਰ ਪਰਤ ਔਖਾ ਹੁੰਦਾ ਹੈ। ਇਹ ਸਮਾਜਿਕ ਤਾਣੇ-ਬਾਣੇ ਨਾਲੋਂ ਤੋੜ ਦਿੰਦਾ ਹੈ। ਆਖਿਰ ਸਵਾਰਥੀ ਸਮਾਜ ਵਿੱਚ ਮਜਾਕ ਦਾ ਪਾਤਰ ਰਹਿੰਦਾ ਹੈ। ਅਜਿਹੀ ਪਰਵਿਰਤੀ ਹਮੇਸ਼ਾ ਅਧੂਰੀ ਰਹਿੰਦੀ ਹੈ ਕਿਉਂਕਿ ਇਕ ਤੋਂ ਬਾਅਦ ਦੂਜੀ ਇੱਛਾ ਖੜ੍ਹੀ ਰਹਿੰਦੀ ਹੈ। ਇਸ ਲਈ ਯਥਾਰਥ ਭਰੀ ਜਿੰਦਗੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕੁੱਝ ਧਾਰਨਾਵਾਂ ਤਾਂ ਇਹ ਵੀ ਹਨ ਕਿ ਸਮਾਜਿਕ ਪ੍ਰਾਣੀ ਲਈ ਸਵਾਰਥ ਆਪਣਾ ਰਸਤਾ ਆਪ ਅਖਤਿਆਰ ਕਰ ਲੈਂਦਾ ਹੈ। ਜੇ ਕਿਸੇ ਸਵਾਰਥੀ ਦੀ ਪਹਿਚਾਣ ਕਰਨੀ ਹੋਵੇ ਤਾਂ ਦੂਜੇ ਸਵਾਰਥੀ ਕੋਲ ਉਸ ਦੀ ਵਡਿਆਈ ਕਰਕੇ ਦੇਖੋ ਸਭ ਕੁੱਝ ਸਾਹਮਣੇ ਆ ਜਾਵੇਗਾ। ਅਸੂਲਾਂ ਲਈ ਲੜਨਾ ਤਾਂ ਸੋਖਾ ਹੈ ਪਰ ਅਸੂਲਾਂ ਅਨੁਸਾਰ ਜਿੰਦਗੀ ਜਿਊਣਾ ਬਹੁਤ ਔਖਾ ਹੈ। ਸਵਾਰਥ ਦੇ ਨਿਯਮ ਅਤੇ ਸਿਧਾਂਤ ਇਹ ਹਨ ਕਿ ਸਵਾਰਥੀ ਸਵਾਰਥ ਰਹਿਤ ਹੋ ਹੀ ਨਹੀਂ ਸਕਦਾ। ਸਵਾਰਥੀ ਬਨਾਵਟੀ ਮਿੱਤਰਤਾ ਭਰਪੂਰ ਹੁੰਦਾ ਹੈ। ਇਹ ਬਿਰਤੀ ਅਤੇ ਪਰਵਿਰਤੀ ਸਮਾਜ ਵਿੱਚ ਨਿਰਾਦਰ ਅਤੇ ਮਜ਼ਾਕ ਕਰਵਾਉਂਦੀ ਹੈ।
ਸਵਾਰਥੀ ਨੂੰ ਪਰਸਵਾਰਥੀ ਅਤੇ ਪਰਸਵਾਰਥੀ ਨੂੰ ਸਵਾਰਥੀ ਕਹਿਣਾ ਸਮਾਜ ਵਿੱਚ ਵੱਡਾ ਧੌਖਾ ਹੈ। ਹਮੇਸ਼ਾ ਯਥਾਰਥ ਭਰੀ ਜਿੰਦਗੀ ਹੀ ਨਿੱਖਰ ਕੇ ਸਾਹਮਣੇ ਆਉਂਦੀ ਹੈ। ਸਵਾਰਥ ਕਿਤੇ ਨਾ ਕਿਤੇ ਸਹਿਣਸ਼ੀਲਤਾ ਨੂੰ ਖਾ ਲੈਂਦਾ ਹੈ, ਇਹ ਆਲਸੀ ਬਣਾ ਕੇ ਆਪਣੇ ਆਪ ਨੂੰ ਹਿੰਸਾ ਦੀ ਤਰ੍ਹਾ ਕਰ ਲੈਂਦਾ ਹੈ। ਸਵਾਰਥ ਨਾਲ ਪ੍ਰਾਪਤ ਕੀਤੀ ਉੱਜਵਲ ਵਸਤੂ ਮੈਲੀ ਹੀ ਸਮਝੀ ਜਾਂਦੀ ਹੈ। ਸਵਾਰਥੀ ਬੀਤ ਗਈ ਉਹ ਬਾਤ ਗਈ ਦੇ ਸਿਧਾਂਤ ਨੂੰ ਅਪਣਾਉਂਦਾ ਹੈ। ਸਾਡੇ ਸਿਆਣਿਆਂ ਦੀਆਂ ਕਹਾਵਤਾਂ ਪਿੱਛੇ ਇਕ ਲੰਬਾ-ਚੌੜਾ ਤਜਰਬਾ ਅਤੇ ਇਤਿਹਾਸ ਹੈ ਤਾਂ ਜਾ ਕੇ ਕਿਸੇ ਫਲਦਾਇਕ ਨਤੀਜੇ ਤੇ ਪਹੁੰਚਦਿਆਂ ਹਨ। ਗੌਂ ਭਨਾਵੇ ਜੌਂ ਦੀ ਕਹਾਵਤ ਸਵਾਰਥ ਨੂੰ ਸਿੱਧ ਕਰਦੀ ਹੈ, ਇਸ ਵਿੱਚ ਬਹੁਤ ਕੁੱਝ ਸਮਾਇਆ ਹੋਇਆ ਹੈ। ਸਵਾਰਥ ਦੀ ਪੂਰਤੀ ਲਈ ਨੱਥੂ ਤੋਂ ਨੱਥਾ ਸਿੰਘ ਬਣ ਸਕਦਾ ਹੈ। ਅਧਿਆਤਮਵਾਦ ਵਿੱਚ ਪਰਸਵਾਰਥ ਨੂੰ ਸਤਯੁੱਗ ਦਾ ਮੁੱਖ ਲੱਛਣ ਅਤੇ ਸਵਾਰਥ ਨੂੰ ਕਲਯੁੱਗ ਦਾ ਮੁੱਖ ਲੱਛਣ ਕਿਹਾ ਜਾਂਦਾ ਹੈ। ਸਵਾਰਥ ਅਜਿਹੀ ਆਦਤ ਹੈ ਕਿ ਬੰਦੇ ਨੂੰ ਆਪਣੇ ਆਪ ਵਿੱਚ ਸਿਆਣਾ ਬਣਾ ਦਿੰਦੀ ਹੈ।  ਸਵਾਰਥ ਵਿਅਕਤੀ ਦੇ ਚੰਗੇ ਗੁਣਾਂ ਨੂੰ ਖਤਮ ਕਰ ਦਿੰਦਾ ਹੈ। ਹਰ ਮਨੁੱਖ ਦੇ ਸੁਪਨੇ ਹੁੰਦੇ ਹਨ ਉਹਨਾਂ ਨੂੰ ਪੂਰਾ ਕਰਨ ਲਈ ਇੱਛਾ ਰੱਖਣੀ ਤਾਂ ਜਰੂਰੀ ਹੈ ਪਰ ਚਲਾਕੀ ਅਤੇ ਸਵਾਰਥ ਰੱਖ ਕੇ ਦੂਜੇ ਤੋਂ ਪੂਰਤੀ ਦਾ ਆਸ ਨਹੀਂ ਰੱਖਣੀ ਚਾਹਦੀ। ਬਹੁਤੀਵਾਰ ਦੇਖਿਆ ਜਾਂਦਾ ਹੈ ਕਿ ਮਨੁੱਖ ਭਾਵੇਂ ਛੋਟਾ ਹੀ ਹੋਵੇ ਪਰ ਉਸ ਦਾ ਸਵਾਰਥ ਬਹੁਤ ਵੱਡਾ ਹੁੰਦਾ ਹੈ। ਸਵਾਰਥ ਲਈ ਸਭ ਨਿਵਦੇ ਹਨ। ਇਸ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਪਹਿਲੇ ਸਪੱਸ਼ਟ ਕਰ ਦਿੱਤਾ ਸੀ ਅਤੇ ਸਵਾਰਥੀਪੁਣੇ ਤੇ ਕਰਾਰੀ ਚੋਟ ਮਾਰੀ ਸੀ, “ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋਇ”।
ਸਵਾਰਥ ਅਤੇ ਹਿੰਮਤ ਨਾਲ ਕੀਤੀ ਇੱਛਾ ਪੂਰਤੀ ਬਰਾਬਰ ਨਹੀਂ ਹੁੰਦੀ ਕਿਹਾ ਜਾਂਦਾ ਹੈ ਜਿਸ ਮਨੁੱਖ ਕੋਲ ਕਾਰਜ ਸਮਰਥਾ ਅਤੇ ਇਮਾਨਦਾਰੀ ਹੈ ਉਸ ਦੇ ਸਿਦਕ ਨੂੰ ਦਬਾਇਆ ਨਹੀਂ ਜਾ ਸਕਦਾ, ਅਜਿਹੇ ਮਨੁੱਖ ਸਵਾਰਥ ਨੂੰ ਦਰਕਿਨਾਰ ਕਰਕੇ ਆਪਣੀ ਸਮਰਥਾ ਨਾਲ ਇੱਛਾ ਪੂਰਤੀ ਕਰਦੇ ਹਨ। ਆਪਣੀ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਕੇ ਸਵਾਰਥ ਨੂੰ ਅੰਦਰੋਂ ਬਾਹਰ ਕੱਢੋ। ਵਧੀਆ ਆਦਤਾਂ ਅਤੇ ਸਾਰਥਕ ਸੁਭਾਅ ਰੱਖੋ। ਸਵਾਰਥ ਦੀ ਉਡੀਕ ਅਤੇ ਝਾਕ ਹਮੇਸ਼ਾ ਲਈ ਆਪਣੇ ਅੰਦਰੋਂ ਕੱਢੋ। ਅਸੂਲਾਂ ਅਨੁਸਾਰ ਜਿੰਦਗੀ ਜਿਊਣ ਦਾ ਹੁਨਰ ਸਿੱਖੋ, ਇਸ ਨਾਲ ਹੀ ਸਮਾਜ ਵਿੱਚ ਬੰਦੇ ਦਾ ਇਖਲਾਕ ਉੱਚਾ ਹੁੰਦਾ ਹੈ। ਪ੍ਰਸਿੱਧ ਦਾਰਸ਼ਨਿਕ ਐਡਮਿੰਡ ਵਰਕ ਨੇ ਕਿਹਾ ਸੀ, “ਹੱਕ ਸੱਚ ਅਤੇ ਨੈਤਿਕਤਾ ਦੀ ਲੜਾਈ ਵਿੱਚ ਜਿੱਤ ਅੰਤ ਨੂੰ ਉਸਦੀ ਹੁੰਦੀ ਹੈ ਜਿਸ ਦਾ ਇਖਲਾਕ ਉੱਚਾ ਹੋਵੇ” ਮੁੱਕਦੀ ਗੱਲ ਇਹ ਹੈ ਕਿ ਆਪਣੇ ਅੰਦਰੋਂ ਸਵਾਰਥ ਦੇ ਕੀਟਾਣੂਆਂ ਨੂੰ ਕੱਢ ਕੇ ਪਰਸਵਾਰਥੀ ਅਤੇ ਨਿਰਸਵਾਰਥੀ ਕੀਟਾਣੂ ਪੈਦਾ ਕਰੀਏ ਤਾਂ ਜੋ ਸਮਾਜ ਵਿੱਚ ਖੁਸ਼ਹਾਲ ਜੀਵਨ ਜੀਅ ਸਕੀਏ। ਆਓ ਸਵਾਰਥ ਰਹਿਤ ਜਿੰਦਗੀ ਜਿਉਣ ਦਾ ਸੰਕਲਪ ਲਈਏ।

Related posts

ਸੰਨੀ ਦਿਓਲ ਦੀ ‘ਬਾਰਡਰ-2’ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ !

admin

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin