ਸੰਗਰੂਰ – ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ (ਜਨਰਲ) ਉਪਿੰਦਰਜੀਤ ਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਸਰਕਾਰੀ ਸਮਾਰਟ ਹਾਈ ਸਕੂਲ ਮੰਗਵਾਲ ਵਿਖੇ ਰਾਸ਼ਟਰੀ ਡੀ-ਵਰਮਿੰਗ-ਡੇ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਡੀ ਵਰਮਿੰਗ ਡੇ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਦਵਾਈ ਖਵਾਈ ਗਈ।
ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਮਨਾਏ ਜਾ ਰਹੇ ਨੈਸ਼ਨਲ ਡੀ ਵਾਰਮਿੰਗ-ਡੇ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਦਵਾਈ ਖਵਾਈ ਜਾ ਰਹੀ ਹੈ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਦਵਾਈ ਜ਼ਰੂਰ ਖਵਾਉਣ। ਇਸ ਮੌਕੇ ਜ਼ਿਲ੍ਹਾ ਸਕੂਲ ਹੈਲਥ ਮੈਡੀਕਲ ਅਫਸਰ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਇਹ ਦਵਾਈ ਚਬਾ ਕੇ ਖਾਣੀ ਚਾਹੀਦੀ ਹੈ। ਉਹਨਾਂ ਬੱਚਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨੌਂਹ ਸਾਫ ਤੇ ਛੋਟੇ ਰੱਖੋ, ਖਾਣਾ ਖਾਣ ਤੋਂ ਪਹਿਲਾਂ ਤੇ ਪਖਾਨਾ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ।
ਡਾ. ਅੰਜੂ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਜਿਲਾ ਸੰਗਰੂਰ ਦੇ ਸਕੂਲਾਂ ਵਿੱਚ ਪੜ੍ਹਦੇ ਤੇ ਆਂਗਨਵਾੜੀ ਕੇਂਦਰਾਂ ‘ਚ ਰਜਿਸਟਰਡ 2 ਲੱਖ 66 ਹਜ਼ਾਰ 400 ਬੱਚਿਆਂ ਨੂੰ ਅਲਬੈੰਡਾਜੋਲ ਦੀ ਦਵਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਾਪ ਅੱਪ ਰਾਉਂਡ 5 ਦਸੰਬਰ ਨੂੰ ਹੋਵੇਗਾ।
ਇਸ ਮੌਕੇ ਡੀ ਈ ਓ ਮਨਜੀਤ ਕੌਰ, ਹੈੱਡਮਾਸਟਰ ਜਗਤਾਰ ਸਿੰਘ, ਸਕੂਲ ਹੈਲਥ ਮੈਡੀਕਲ ਅਫ਼ਸਰ ਡਾ.ਜਸਦੀਪ ਕੌਰ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ,ਸੁਮਨਪ੍ਰੀਤ ਕੌਰ, ਹੈਲਥ ਸੈਂਟਰ ਮੰਗਵਾਲ ਦਾ ਸਮੁੱਚਾ ਸਟਾਫ, ਆਰ ਬੀ ਐਸ ਕੇ ਟੀਮ, ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸਪਿੰਦਰ ਕੌਰ ਅਤੇ ਦੀਪਕਾ ਗਰੋਵਰ ਨੇ ਬਾਖ਼ੂਬੀ ਨਿਭਾਈ।