ਮੁੰਬਈ – ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਨੇ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਉਨ੍ਹਾਂ ਦੀ ਜੀਭ ਵੱਢਣ ਵਾਲੇ ਵਿਅਕਤੀ ਨੂੰ 11 ਲੱਖ ਰੁਪਏ ਦੇਣਗੇ। ਦਰਅਸਲ ਸੰਜੇ ਗਾਇਕਵਾੜ ਨੇ ਵਿਵਾਦਪੂਰਨ ਬਿਆਨ ਦੇਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਵਿਦੇਸ਼ ’ਚ ਕਿਹਾ ਸੀ ਉਹ ਭਾਰਤ ’ਚ ਰਿਜ਼ਰਵੇਸ਼ਨ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸ ਨੇ ਕਾਂਗਰਸ ਦਾ ਅਸਲੀ ਚਿਹਰਾ ਉਜਾਗਰ ਕਰ ਦਿੱਤਾ ਹੈ। ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਹ ਸ਼ਿਵ ਸੈਨਾ ਵਿਧਾਇਕ ਦੀ ਟਿੱਪਣੀ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਰਿਜ਼ਰਵੇਸ਼ਨ ਦੇਣ ਦਾ ਮਤਲਬ ਮੂਰਖਾਂ ਦਾ ਸਮਰਥਨ ਕਰਨਾ ਹੈ। ਹੁਣ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹ ਰਿਜ਼ਰਵੇਸ਼ਨ ਨੂੰ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਐਸ.ਸੀ, ਐਸ. ਟੀ ਅਤੇ ਓ.ਬੀ.ਸੀ. ਭਾਈਚਾਰਿਆਂ ਨੂੰ ਜਾਗਰੂਕ ਕਰਾਂਗੇ ਅਤੇ ਉਨ੍ਹਾਂ ਨੂੰ ਨਹਿਰੂ, ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਤੋਂ ਜਾਣੂ ਕਰਵਾਵਾਂਗੇ।ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਵਿਦਰਭ ਖੇਤਰ ’ਚ ਬੁਲਢਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੰਜੇ ਗਾਇਕਵਾੜ ਵਿਵਾਦਾਂ ਵਿਚ ਆਏ ਹਨ। ਪਿਛਲੇ ਮਹੀਨੇ
ਇਕ ਪੁਲਿਸ ਮੁਲਾਜ਼ਮ ਦੇ ਸ਼ਿਵ ਸੈਨਾ ਵਿਧਾਇਕ ਦੀ ਕਾਰ ਧੋਂਦੇ ਹੋਏ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਗਾਇਕਵਾੜ ਨੇ ਕਿਹਾ ਸੀ ਕਿ ਪੁਲਿਸ ਮੁਲਾਜ਼ਮ ਨੇ ਕਾਰ ਵਿਚ ਉਲਟੀ ਕਰ ਦਿੱਤੀ ਸੀ ਅਤੇ ਬਾਅਦ ਵਿਚ ਆਪਣੀ ਮਰਜ਼ੀ ਨਾਲ ਗੱਡੀ ਸਾਫ ਕੀਤੀ ਸੀ।
previous post