ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਹਥਾਂ ਵਿੱਚ ਰਹੀ ਤਦ ਤਕ ਉਨ੍ਹਾਂ ਨੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਇਹ ਅਜ਼ਾਦੀ ਦਿੱਤੀ ਰਖੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹਿ ਕੇ ਵੀ ਆਪਣੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੇ ਹਿਤਾਂ ਨੂੰ ਮੁੱਖ ਰਖਦਿਆਂ ਆਪਣੀ ਰਾਜਸੀ ਰਣਨੀਤੀ ਘੜ ਅਤੇ ਉਸਨੂੰ ਅਪਨਾਈ ਰੱਖ ਸਕਦੇ ਹਨ। ਜਿਸਦਾ ਨਤੀਜਾ ਇਹ ਹੋਇਆ ਕਿ ਸਮੁਚਾ ਸਿੱਖ-ਜਗਤ (ਪੰਜਾਬ ਤੇ ਪੰਜਾਬੋਂ ਬਾਹਰ ਵਸਦੇ ਸਿੱਖ) ਇੱਕ ਮੁਠ ਹੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਆਪਣੇ ਹਿਤਾਂ ਲਈ ਸੰਘਰਸ਼ ਕਰਦਾ ਰਿਹਾ। ਪੰਜਾਬੋਂ ਬਾਹਰ ਵਸਦੇ ਕੇਵਲ ਸਿੱਖਾਂ ਨੇ ਹੀ ਨਹੀਂ, ਸਗੋਂ ਸਮੁਚੇ ਰੂਪ ਪੰਜਾਬੀਆਂ (ਕਿਉਂਕਿ ਪੰਜਾਬ ਤੋਂ ਬਾਹਰ ਦੇ ਕਈ ਹਿਸਿਆਂ ਵਿੱਚ ਗੈਰ-ਸਿੱਖ ਪੰਜਾਬੀਆਂ ਨੂੰ ਵੀ ਸਿੱਖ ਹੀ ਸਮਝਿਆ ਜਾਂਦਾ ਹੈ) ਨੇ ਉਸਦੇ ਹਰ ਅੰਦੋਲਣ (ਮੋਰਚੇ) ਵਿੱਚ ਨਾ ਕੇਵਲ ਵੱਧ-ਚੜ੍ਹ ਕੇ ਗ੍ਰਿਫਤਾਰੀਆਂ ਦੇਣ ਵਿੱਚ ਹੀ ਹਿਸਾ ਪਾਇਆ, ਸਗੋਂ ਖੁਲ੍ਹੇ ਦਿੱਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਰਥਕ ਸਹਾਇਤਾ ਵੀ ਪਹੁੰਚਾਈ। ਪ੍ਰੰਤੂ ਉਨ੍ਹਾਂ ਤੋਂ ਬਾਅਦ ਜਿਸ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਾਗ-ਡੋਰ ਸੰਭਾਲੀ, ਉਸਦੀ ਇਹੀ ਕੋਸ਼ਿਸ਼ ਰਹੀ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਵੀ ਉਹੀ ਨੀਤੀ ਅਪਨਾ ਕੇ ਚਲਣ, ਜੋ ਉਨ੍ਹਾਂ ਨੇ ਪੰਜਾਬ ਵਿੱਚ ਆਪਣੇ ਰਾਜਸੀ ਹਿੱਤਾਂ ਨੂੰ ਮੁੱਖ ਰਖ ਕੇ ਅਪਨਾਈ ਹੋਈ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬੋਂ ਬਾਹਰ ਦੇ ਹਰ ਰਾਜ ਵਿੱਚ ਵਸਦੇ ਸਿੱਖ ਧੜਿਆਂ ਵਿੱਚ ਅਜਿਹੇ ਵੰਡੇ ਗਏ ਕਿ ਅੱਜ ਤਕ ਉਨ੍ਹਾਂ ਵਿੱਚ ਉਹ ਏਕਤਾ ਨਹੀਂ ਹੋ ਸਕੀ ਜੋ ਮਾਸਟਰ ਤਾਰਾ ਸਿੰਘ ਦੇ ਸਮੇਂ ਦੌਰਾਨ ਵੇਖਣ ਨੂੰ ਮਿਲਦੀ ਰਹੀ ਸੀ।
ਕੀ ਪੰਜਾਬੋਂ ਬਾਹਰ ਵਸਦੇ ਸਿੱਖ ਲਾਵਾਰਸ ਹੋ ਗਏ ਨੇ? ਦਿੱਲ਼ੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਨੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੀ ਵਰਤਮਾਨ ਦਸ਼ਾ ਦਾ ਅਧਿਅਨ ਕਰਦਿਆਂ ਕਿਹਾ ਕਿ ਇਉਂ ਜਾਪਦਾ ਹੈ, ਜਿਵੇਂ ਪੰਜਾਬ ਤੋਂ ਬਾਹਰ ਵਸਦੇ ਸਿੱਖ, ਆਪਣੇ ਪਾਸ ਕੋਈ ਜ਼ਿਮੇਂਦਾਰ ਤੇ ੳਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਲਈ, ਸਿੱਖ ਲੀਡਰਸ਼ਿਪ ਨਾ ਹੋਣ ਕਾਰਣ ਬਹੁਤ ਹੀ ਚਿੰਤਾ-ਗ੍ਰਸਤ ਤੇ ਦੁਬਿਧਾ ਵਿੱਚ ਫਸੇ ਹੋਏ ਹਨ। ਉਹ ਇਸ ਗਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਅਤੇ ਚਿੰਤਤ ਹਨ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਅਜਤਕ ਕੋਈ ਵੀ ਅਜਿਹਾ ਆਗੂ ਨਹੀਂ ਮਿਲ ਸਕਿਆ, ਜੋ ਬਦਲ ਰਹੇ ਸਮੇਂ ਦੇ ਹਾਲਾਤ ਕਾਰਣ ਦੇਸ਼ ਵਿੱਚ ਹੋ ਰਹੀ ਰਾਜਸੀ ਉਥਲ-ਪੁਥਲ ਦੇ ਚਲਦਿਆਂ, ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਾਨਕ ਰਾਜਸੀ ਹਾਲਾਤ ਵਿੱਚ ਆ ਰਹੀਆਂ ਤਬਦੀਲੀਆਂ ਦੀ ਘੋਖ ਕਰ, ਉਨ੍ਹਾਂ ਦੇ ਕਾਰਣ, ਸਾਰੇ ਰਾਜਾਂ ਵਿੱਚ ਵਸਦੇ ਆਮ ਸਿੱਖਾਂ ਨੂੰ ਜਿਨ੍ਹਾਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹਲ ਕਰਵਾਉਣ ਵਿੱਚ ਉਨ੍ਹਾਂ ਨੂੰ ਸਹਿਯੋਗ ਦੇ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਸਕੇ। ਜਸਟਿਸ ਸੋਢੀ ਦਾ ਮੰਨਣਾ ਹੈ ਕਿ ਅੱਜ ਉਨ੍ਹਾਂ ਦੀ ਇਹ ਸੋਚ ਬਣ ਗਈ ਹੋਈ ਹੈ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਪੰਜਾਬ ਦੇ ਅਕਾਲੀ ਆਗੂਆਂ ਵਲੋਂ ਸੰਬੰਧਤ ਰਾਜਾਂ ਦੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਉਨ੍ਹਾਂ ਨੂੰ ਅਗਵਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਪੰਜਾਬ ਅਧਾਰਤ ਆਪਣੇ ਹਿਤਾਂ ਅਨੁਸਾਰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਹਿਤਾਂ ਨੂੰ ਨਜ਼ਰ-ਅੰਦਾਜ਼ ਕਰ, ਉਨ੍ਹਾਂ ਦੀ ਕੀਮਤ ’ਤੇ ਪੰਜਾਬ ਵਿਚਲੇ ਉਨ੍ਹਾਂ (ਅਕਾਲੀਆਂ) ਦੇ ਹਿਤਾਂ ਦੇ ਅਧਾਰ ’ਤੇ ਉਨ੍ਹਾਂ ਵਲੋਂ ਅਪਨਾਈਆਂ ਜਾ ਰਹੀਆਂ ਨੀਤੀਆਂ ਦਾ ਹੀ ਅਨੁਸਰਣ ਕਰਨ। ਪੰਜਾਬ ਦੇ ਅਕਾਲੀ ਆਗੂਆਂ ਨੇ ਕਦੀ ਵੀ ਨਾ ਤਾਂ ਇਹ ਮਹਿਸੂਸ ਕੀਤਾ ਅਤੇ ਨਾ ਹੀ ਇਹ ਸੋਚਣ ਤੇ ਸਮਝਣ ਦੀ ਕੌਸ਼ਸ਼ ਕੀਤੀ ਕਿ ਸਮੇਂ ਦੇ ਨਾਲ ਦੇਸ਼ ਦੇ ਰਾਜਸੀ ਹਾਲਾਤ ਇਤਨੇ ਬਦਲ ਚੁਕੇ ਹੋਏ ਹਨ ਕਿ ਪੰਜਾਬ ਤੋਂ ਬਾਹਰ ਦੇ ਹਰ ਰਾਜ ਦੇ ਸਥਾਨਕ ਰਾਜਸੀ ਹਾਲਾਤ ਇੱਕ-ਦੂਜੇ ਨਾਲ ਬਿਲਕੁਲ ਹੀ ਮੇਲ ਨਹੀਂ ਖਾ ਰਹੇ। ਜਿਸ ਕਾਰਣ, ਹਰ ਰਾਜ ਦੇ ਸਥਾਨਕ ਹਾਲਾਤ ਅਨੁਸਾਰ ਪਨਪ ਰਹੀਆਂ ਸਮੱਸਿਆਵਾਂ ਆਪੋ-ਆਪਣੀਆਂ ਹਨ, ਜਿਨ੍ਹਾਂ ਨੂੰ ਲੈ ਕੇ, ਉਨ੍ਹਾਂ ਰਾਜਾਂ ਦੇ ਸਿੱਖਾਂ ਤੇ ਦੂਸਰੇ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਣ ਉਹ ਮਹਿਸੂਸ ਕਰਨ ’ਤੇ ਮਜਬੂਰ ਹੋ ਜਾਂਦੇ ਹਨ ਕਿ ਇਨ੍ਹਾਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਉਹੀ ਆਗੂ ਉਭਾਰ ਸਕਦਾ ਹੈ, ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਥਾਨਕ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ, ਉਨ੍ਹਾਂ ਦੇ ਹਲ ਦੇ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰਥਾ ਰਖਦਾ ਹੋਵੇ। ਕਈ ਦਹਾਕਿਆਂ ਤੋਂ ਚਲੀ ਆ ਰਹੀ, ਉਨ੍ਹਾਂ ਦੀ ਇਹ ਅਜਿਹੀ ਲੋੜ ਹੈ, ਜੋ ਪੂਰਿਆਂ ਨਹੀਂ ਹੋ ਪਾ ਰਹੀ।
ਅਕਾਲੀ ਰਾਜਨੀਤੀ ਵਿੱਚ ਨਕਾਰਾਤਮਕਤਾ: ਨਕਾਰਾਤਮਕਤਾ, ਸਮੁਚੇ ਰੂਪ ਵਿੱਚ ਅੱਜ ਦੀ ਅਕਾਲੀ ਰਾਜਨੀਤੀ ਦਾ ਇੱਕ ਅਜਿਹਾ ਦੁਖਾਂਤ ਬਣ ਗਿਆ ਹੋਇਆ ਹੈ, ਕਿ ਜਿਸਤੋਂ ਨਾ ਤਾਂ ਕਿਸੇ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਨਾ ਹੀ ਕਿਸੇ ਦੀ ਰਾਜਨੀਤੀ ਮੁਕੱਤ ਹੋ ਸਕਦੀ ਹੈ! ਇਹ ਦਾਅਵਾ ਕਿਸੇ ਹੋਰ ਨੇ ਨਹੀਂ, ਸਗੋਂ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਨੇ ਨਿਜੀ ਗਲਬਾਤ ਦੌਰਾਨ ਕੀਤਾ। ਉਨ੍ਹਾਂ ਇਹ ਵੀ ਮੰਨਿਆ ਕਿ ਹਾਲਾਂਕਿ ਅੱਜ-ਕਲ ਰਾਜਨੀਤੀ ਦੇ ਖੇਤ੍ਰ ਵਿੱਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਹੋਏ ਹਨ ਕਿ ਨਕਾਰਾਤਮਕਤਾ ਦੀ ਇਸ ਦਲਦਲ ਭਰੀ ਰਾਜਨੀਤੀ ਵਿੱਚ ਨਾ ਕੇਵਲ ਅਕਾਲੀ ਦਲ ਹੀ, ਸਗੋਂ ਦੇਸ਼ ਦੀਆਂ ਦੂਸਰੀਆਂ ਰਾਜਸੀ ਪਾਰਟੀਆਂ ਵੀ ਇਤਨੀ ਬੁਰੀ ਤਰ੍ਹਾਂ ਗਲ-ਗਲ ਤਕ ਖੁਬੱ ਚੁਕੀਆਂ ਹਨ ਕਿ ਉਨ੍ਹਾਂ ਦਾ ਇਸ ਦਲਦਲ ਵਿਚੋਂ ਨਿਕਲ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ। ਫਿਰ ਵੀ ਅਕਾਲੀ ਰਾਜਨੀਤੀ ਵਿੱਚ ਇਸ ਨਕਾਰਾਤਮਕਤਾ ਦਾ ਪ੍ਰਵੇਸ਼ ਇਸ ਕਰਕੇ ਚੁਬਦਾ ਹੈ, ਕਿਉਂਕਿ ਇਸਦੀ ਸਥਾਪਨਾ ਇੱਕ ਰਾਜਸੀ ਪਾਰਟੀ ਦੇ ਰੂਪ ਵਿੱਚ ਨਹੀਂ ਕੀਤੀ ਗਈ, ਸਗੋਂ ਇਸਦਾ ਉਦੇਸ਼ ਧਾਰਮਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਣ ਅਤੇ ਧਾਰਮਕ ਸੰਸਥਾਵਾਂ ਵਿੱਚ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਹਾਲ ਰਖਣ ਵਿੱਚ ਸਹਿਯੋਗ ਕਰਨਾ ਮਿਥਿਆ ਗਿਆ ਸੀ। ਪ੍ਰੰਤੂ ਅੱਜ ਜਿਸ ਰੂਪ ਵਿੱਚ ਅਕਾਲੀ ਦਲ ਵਿਚਰ ਰਹੇ ਹਨ, ਉਸ ਤੋਂ ਇਉਂ ਜਾਪਦਾ ਹੈ, ਜਿਵੇਂ ਨਕਾਰਾਤਮਕਤਾ, ਅਕਾਲੀ ਦਲਾਂ ਦੀ ਨੀਤੀ ਦੀਆਂ ਜੜਾਂ ਤਕ ਵਿੱਚ ਇਸਤਰ੍ਹਾਂ ਰਚ-ਮਿਚ ਗਈ ਹੋਈ ਹੈ, ਕਿ ਜਿਸਤੋਂ ਛੁਟਕਾਰਾ ਹਾਸਲ ਕਰ ਪਾਣਾ, ਉਨ੍ਹਾਂ ਦੇ ਵਸ ਦਾ ਰੋਗ ਨਹੀਂ ਰਹਿ ਗਿਆ ਹੋਇਆ।
…ਅਤੇ ਅੰਤ ਵਿੱਚ : ਇਥੇ ਇੱਕ ਘਟਨਾ ਦਾ ਜ਼ਿਕਰ ਜ਼ਰੂਰੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਇਲਾਹਬਾਦ ਆਏ ਸਨ। ਉਸ ਸਮੇਂ ਚੰਦਰਸ਼ੇਖਰ ਸਮਾਜਵਾਦੀ ਸਨ ਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਖੁਫੀਆ-ਤੰਤਰ ਨੇ ਪੰਡਿਤ ਨਹਿਰੂ ਨੂੰ ਦਸਿਆ ਕਿ ਕੁਝ ਲੜਕੇ ਤੁਹਾਡਾ ਵਿਰੋਧ ਕਰਨ ਵਾਲੇ ਹਨ। ਪੁਲਿਸ ਉਨ੍ਹਾਂ ਨੂੰ ਰਾਤ ਨੂੰ ਹੀ ਪਕੜ ਲਵੇਗੀ। ਨਹਿਰੂ ਨੇ ਪੁਲਿਸ ਨੂੰ ਮਨ੍ਹਾ ਕਰ ਦਿੱਤਾ ਕਿ ਉਹ ਉਨ੍ਹਾਂ ਲੜਕਿਆਂ ਨੂੰ ਗ੍ਰਿਫਤਾਰ ਨਾ ਕਰੇ। ਰਾਤੀਂ ਦੋ ਵਜੇ ਜਦੋਂ ਪੰਡਿਤ ਨਹਿਰੂ ਅਨੰਦ ਭਵਨ ਵਿੱਚ ਸਉਂ ਰਹੇ ਸਨ, ਬਾਹਰ ਗੇਟ ਤੇ ਅਚਾਨਕ ਹੀ ਜ਼ੋਰਦਾਰ ਨਾਹਰੇ ਲਗਣ ਲਗੇ। ਪੰਡਿਤ ਨਹਿਰੂ ਦੀ ਨੀਂਦ ਖੁਲ੍ਹ ਗਈ। ਉਹ ਉਠ, ਗੇਟ ਤੇ ਆ ਗਏ। ਨਾਹਰੇ ਲਾ ਰਹੇ ਲੋਕਾਂ ਨੂੰ ਉਹ ਅੰਦਰ ਬੁਲਾ ਕੇ ਲੈ ਗਏ, ਉਨ੍ਹਾਂ ਨਾਲ ਗਲ-ਬਾਤ ਕੀਤੀ। ਸਾਰੇ ਸ਼ਾਂਤ ਹੋ ਗਏ। ਪੰਡਿਤ ਨਹਿਰੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਦੇਸ਼ ਤੁਹਾਡਾ ਹੈ। ਇਸਨੂੰ ਬਣਾਉ। ਤੁਸੀਂ ਹੀ ਦੇਸ਼ ਦਾ ਭਵਿਖ ਹੋ। ਉਨ੍ਹਾਂ ਵਿਚੋਂ ਹੀ ਇੱਕ ਲੜਕਾ ਭਾਰਤ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਦੇਸ਼ ਦਾ ਇੱਕ ਪ੍ਰਮੁਖ ਰਾਜਨੇਤਾ ਵੀ ਬਣਿਆ। ਉਸਦਾ ਨਾਂ ਸੀ ਚੰਦਰਸ਼ੇਖਰ ਸੀ!
previous post