ArticlesPunjab

ਸਾਈਕਲ ਦੀ ਸਵਾਰੀ : 3 ਜੂਨ ਵਿਸ਼ਵ ਸਾਈਕਲ ਦਿਵਸ

ਸਾਈਕਲ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਹਰ ਸਾਲ 3 ਜੂਨ ਨੂੰ ਮਨਾਇਆਂ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਸਿਹਤ ਨੂੰ ਤੰਦਰੁਸਤ ਰੱਖਣਾ ਅਤੇ ਵਾਤਾਵਰਣ ਨੂੰ ਪਰਦੂਸ਼ਨ ਤੋਂ ਮੁੱਕਤ ਰੱਖਣ ਲਈ ਜਾਗਰੂਕਤਾ ਫੈਲਾਉਣਾ ਹੈ। ਅਪ੍ਰੈਲ 2018 ‘ਚ ਸਯੁੰਕਤ ਮਹਾਂਸਭਾ ਨੇ 3 ਜੂਨ ਨੂੰ ਅੰਤਰਰਾਸ਼ਟਰੀ ਵਿਸ਼ਵ ਸਾਈਕਲ ਦਿਵਸ/ਕੌਮਾਂਤਰੀ ਸਾਈਕਲ ਦਿਵਸ ਐਲਾਨਿਆ ਸੀ। ਵਿਸ਼ਵ ਸਾਈਕਲ ਦਿਵਸ ਦਾ ਮਤਾ ਸਾਈਕਲ ਦੀ ਵਿਲੱਖਣਤਾ, ਲੰਬੀ ਉੱਮਰ ਅਤੇ ਬਹੁਪੱਖਤਾ ਨੂੰ ਮਾਣਤਾ ਦਿੰਦਾ ਹੈ। ਇਹ ਦੋ ਸਦੀਆਂ ਤੋਂ ਵਰਤੋਂ ਵਿੱਚ ਹੈ ਅਤੇ ਇਹ ਆਵਾਜਾਈ ਦਾ ਇੱਕ ਸਰਲ, ਕਿਫਾਇਤੀ, ਭਰੋਸੇਯੋਗ, ਸਾਫ ਅਤੇ ਵਾਤਾਵਰਣ ਦੇ ਅਨੁਕੂਲ ਟਿਕਾਊ ਸਾਧਨ ਹੈ।

ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨ ਵਾਲੇ ਇੱਕ ਪੋਲਿਸ਼ ਸਮਾਜਿਕ ਵਿਗਿਆਨੀ ਪ੍ਰੋਫੈਸਰ ਲੇਜ਼ੇਕ ਸਿਬਿਲਸਕੀ ਨੇ ਵਿਸ਼ਵ ਸਾਈਕਲ ਦਿਵਸ ਲਈ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਮਾਜ ਸ਼ਾਸਤਰ ਕਲਾਸ ਨਾਲ ਇੱਕ ਜ਼ਮੀਨੀ ਪੱਧਰ ਦੀ ਮੁਹਿੰਮ ਦੀ ਅਗਵਾਈ ਕੀਤੀ, ਜਿਸ ਨੂੰ ਅੰਤ ਵਿੱਚ ਤੁਰਕਮੇਨਿਸਤਾਨ ਅਤੇ 56 ਹੋਰ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ।

ਸਾਈਕਲ ਸਿਹਤ ਲਈ ਬਹੁਤ ਫਾਇਦੇਮੰਦ ਹੈ। ਨਿਯਮਿਤ ਤੋਰ ‘ਤੇ ਸਾਈਕਲ ਚਲਾਉਣ ਨਾਲ ਮਾਸਪੇਸੀਆਂ ਮਜ਼ਬੂਤ ਹੁੰਦੀਆਂ ਹਨ, ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਮੋਟਾਪਾ ਨਹੀ ਆਉਦਾ। ਸਾਈਕਲ ਚਲਾਉਣ ਦੇ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਚਿੰਤਾ ਅਤੇ ਡਿਪਰੈਸ਼ਨ ਘੱਟ ਹੁੰਦਾ ਹੈ। ਇਹ ਆਵਾਜਾਈ ਦਾ ਸਾਫ ਤੇ ਟਿਕਾਊ ਸਾਧਨ ਹੈ ਜੋ ਹਵਾ ਪ੍ਰਦੂਸ਼ਨ ਅਤੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਵਿੱਚ ਮੱਦਦ ਕਰਦਾ ਹੈ।

ਸਾਈਕਲ ਇੱਕ ਬਹੁਤ ਹੀ ਵਧੀਆ ਸਸਤੀ ਸਵਾਰੀ ਹੈ। ਸਾਈਕਲ ਪ੍ਰਦੂਸ਼ਨ ਰਹਿਤ ਹੈ ਇਸ ਨਾਲ ਇਮੁਨਟੀ ਪਾਵਰ ਵਧਦੀ ਹੈ, ਗੋਡੇ ਕਾਇਮ ਰਹਿੰਦੇ ਹਨ ਅਤੇ ਕੋਈ ਬੀਮਾਰੀ ਨੇੜੇ ਨਹੀਂ ਆਉਦੀ। ਕਰੋਨਾ ਕਾਲ ਦੇ ਵਿੱਚ ਜਦੋਂ ਸਾਰੇ ਵਹੀਕਲ ਬੰਦ ਕਰ ਦਿੱਤੇ ਗਏ ਸਨ ਤਾਂ ਵੱਡੀਆਂ ਗੱਡੀਆਂ ਵਾਲੇ ਵੀ ਸਾਈਕਲ ‘ਤੇ ਆ ਗਏ। ਵਾਤਾਵਰਣ ਸਾਫ ਹੋ ਗਿਆ ਪਹਾੜ ਦਿਸਣ ਲੱਗ ਪਏ। ਹੁਣ ਜਦੋਂ ਖਾੜੀ ਦੇਸ਼ਾਂ ਵਿੱਚ ਲੜਾਈ ਕਾਰਣ ਪੈਟਰੋਲ ਦੇ ਰੋਜ਼ਾਨਾ ਰੇਟ ਵੱਧ ਰਹੇ ਹਨ ਤਾਂ ਸਾਈਕਲ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਹੁਣ ਵਿਸ਼ਵ ਪ੍ਰਦੂਸ਼ਨ ਦਿਵਸ 5 ਜੂਨ ਨੂੰ ਮਨਾਇਆਂ ਜਾ ਰਿਹਾ ਹੈ ਅਤੇ ਇਸ ਮੌਕੇ ‘ਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਹਰ ਪ੍ਰਾਣੀ ਨੂੰ ਸਾਈਕਲ ਚਲਾਉਣ ਦਾ ਸੰਕਲਪ ਲੈਣਾ ਚਾਹੀਦਾ  ਹੈ।

ਜਦੋਂ ਮੈਂ ਛੇਟਾ ਸੀ 1965 ਦੀ ਜੰਗ ਲੱਗੀ ਸੀ ਤਾਂ ਸਾਡੇ ਸਕੂਲੇ ਮੋਰਚੇ ਪੁੱਟੇ ਗਏ ਸਨ। ਉਹਨਾਂ ਮੋਰਚਿਆਂ ਦੇ ਨਾਲ ਸਾਈਕਲ ਲਗਾ ਕੇ ਪਹਿਲਾਂ ਵਿੱਚੋਂ ਦੀ ਲੱਤਾਂ ਪਾਕੇ ਅੱਧੇ ਪੈਡਲ, ਫਿਰ ਪੂਰਾ ਪੈਡਲ ਤੇ ਇਸ ਤੋਂ ਬਾਅਦ ਡੰਡੇ ਉੱਪਰ, ਫਿਰ ਕਾਠੀ ‘ਤੇ ਚੜ੍ਹਨ ਦੀ ਜਾਚ ਸਿੱਖੀ ਸੀ। ਸਕੂਲੇ ਮੈਂ ਆਪਣੇ ਦੋਨਾ ਭਰਾਵਾਂ ਨੂੰ ਇੱਕ ਨੂੰ ਕੈਰੀਅਰ ‘ਤੇ ਦੂਸਰੇ ਨੂੰ ਡੰਡੇ ‘ਤੇ ਬਿਠਾ ਕੇ ਜਾਂਦਾ ਹੁੰਦਾ ਸੀ। ਇਸ ਨਾਲ ਮੇਰੇ ਸਰੀਰ ਦੀ ਕਸਰਤ ਹੁੰਦੀ ਸੀ ਅਤੇ ਬਿਮਾਰੀ ਨੇੜੇ ਨਹੀਂ ਆਉਦੀ ਸੀ। ਮੇਰੇ ਗਵਾਂਡੀ ਦੋਸਤ ਜਿਹਨਾਂ ਦੀ ਉੱਮਰ ਕਰੀਬ 74 ਸਾਲ ਦੀ ਹੈ ਜੋ ਰਾਜਗਿਰੀ  ਦਾ ਕੰਮ ਕਰਦੇ ਹਨ, ਅਜੇ ਵੀ ਪੈਰਾਂ ਭਾਰ ਬੈਠਕੇ ਕੰਮ ਕਰਦੇ ਹਨ ਤੇ ਸਾਈਕਲ ਚਲਾਉਂਦੇ ਹਨ। ਉਹਨਾਂ ਦੀ ਸਿਹਤ ਹੁਣ ਵੀ ਮੁੰਡਿਆੰ ਨਾਲ਼ੋਂ ਵਧੀਆ ਹੈ ਤੇ ਰਿਸ਼ਟ-ਪੁਸ਼ਟ ਹਨ।

ਇੱਕ ਵਾਰੀ ਮੈਂ ਤੇ ਮੇਰਾ ਦੋਸਤ ਸ਼ਹਿਰ ਸਾਈਕਲ ‘ਤੇ ਫ਼ਿਲਮ ਦੇਖਣ ਲਈ ਗਏ ਅਤੇ ਰਸਤੇ ਦੇ ਵਿੱਚ ਸਾਇਕਲ ਨੂੰ ਟੋਕਨ ਲਾਉਣ ਵਾਲੇ ਮਿਲ ਗਏ। ਅਸੀਂ ਜਿੰਨ੍ਹਾ ਪੈਸਿਆ ਨਾਲ ਫ਼ਿਲਮ ਦੇਖਣੀ ਸੀ, ਉਹ ਟੋਕਨ ਲਾਉਣ ਵਾਲੇ ਮੰਗ ਰਹੇ ਸੀ। ਅਸੀਂ ਬਥੇਰਾ ਕਿਹਾ ਸਾਡੇ ਪਾਸ ਪੈਸੇ ਨਹੀਂ ਹਨ ਪਰ ਉਹ ਟੋਕਨ ਲਾਉਣ ਲਈ ਬੇਜਿੱਦ ਸਨ। ਇਹਨਾਂ ਵਿੱਚੋਂ ਇੱਕ ਅਫਸਰ ਸਾਡੇ ਤਾਇਆ ਜੀ ਨੂੰ ਜਾਣਦਾ ਸੀ। ਜਦੋ ਮੈਂ ਉਨ੍ਹਾਂ ਦਾ ਨਾਂ ਲਿਆ ਤਾਂ ਅਫਸਰ ਨੇ ਸਾਨੂੰ ਛੱਡ ਦਿੱਤਾ। ਅਸੀਂ ਸ਼ੁਕਰ ਕੀਤਾ ਅਤੇ ਫਿਰ ਸ਼ਹਿਰ ਜਾਕੇ ਫਿਲਮ ਦੇਖੀ।

ਸਾਡੇ ਪਾਪਾ ਜੀ ਪਿੰਡ ਦੇ ਬੰਦਿਆਂ ਨਾਲ ਅਨੰਦਪੁਰ ਦਾ ਮੇਲਾ ਦੇਖਣ ਸਾਈਕਲ ‘ਤੇ ਜਾਂਦੇ ਸੀ। ਝੋਲੇ ਦੇ ਵਿੱਚ ਪੈਂਚਰ ਦਾ ਸਮਾਨ ਤੇ ਹਵਾ ਭਰਨ ਲਈ ਪੰਪ ਰੱਖਦੇ ਸੀ। ਕੈਰੀਅਰ ਦੇ ਪਿੱਛੇ ਪਿੰਨੀਆਂ ਦਾ ਪੀਪਾ ਬੰਨਿਆ ਹੁੰਦਾਂ ਸੀ। ਉਹ ਕਈ ਸਾਲ ਇਸੇ ਤਰਾਂ ਮੇਲਾ ਦੇਖਣ ਜਾਂਦੇ ਰਹੇ। ਉਨ੍ਹਾਂ ਦੀ ਉਮਰ ਦੇ ਜਿੰਨੇ ਬੰਦੇ ਸੀ, ਮੈਂ ਉਨਾਂ ਦੇ ਗਿੱਟੇ ਗੋਡੇ ਦੁਖਦੇ ਕਦੀ ਨਹੀ ਦੇਖੇ ਅਤੇ ਹਮੇਸ਼ਾ ਤੰਦਰੁਸਤ ਹੀ ਦਿਸੇ।

ਪੁਲਿਸ ਮਹਿਕਮੇ ਵਿੱਚ ਸਾਈਕਲਾਂ ‘ਤੇ ਗਸਤ ਕੀਤੀ ਜਾਦੀ ਸੀ। ਅਸੀਂ ਆਪ ਸਾਈਕਲਾਂ ‘ਤੇ ਗਸ਼ਤ ਕਰਦੇ ਰਹੇ ਹਾਂ। ਹੁਣ ਵੀ ਅਜੇ ਤੱਕ ਸਿਪਾਹੀ ਤੇ ਹੌਲਦਾਰ ਨੂੰ ਸਾਈਕਲ ਅਲਾਊਸ ਮਿਲਦਾ ਹੈ। ਥਾਣੇਦਾਰ ਰਾਤ ਨੂੰ ਨਾਕਿਆੰ ਦੀ ਗਸ਼ਤ ਸਾਈਕਲ ‘ਤੇ ਚੈਕ ਕਰਦਾ ਹੁੰਦਾ ਸੀ। ਮੈਂ ਆਪ ਕਈ ਸਾਲ ਸਾਈਕਲ ਚਲਾਇਆ ਅਤੇ ਡਿਊਟੀ ਵੀ ਸਾਈਕਲ ‘ਤੇ ਜਾਂਦਾ ਹੁੰਦਾ ਸੀ। ਡਿਊਟੀ ਦੋਰਾਨ ਵੀ ਸਾਈਕਲ ਦੀ ਕਈ ਸਾਲ ਵਰਤੋਂ ਕੀਤੀ ਅਤੇ ਇਸ ਨਾਲ ਗੋਡੇ ਗਿੱਟੇ ਕਾਇਮ ਰਹੇ।

ਫਿਲਮਾਂ ਦੇ ਵਿੱਚ ਵੀ ਸਾਈਕਲ ਦੇ ਉਤੇ ਕਈ ਗਾਣੇ ਫਿਲਮਾਏ ਗਏ ਹਨ। ਮੈਂ ਆਸਟ੍ਰੇਲੀਆ ਬੇਟੇ ਕੋਲ ਗਿਆ ਹੋਇਆ ਹਾਂ। ਇਥੇ ਰੋਜ਼ਾਨਾ ਅੰਗਰੇਜ, ਕੁਲਦੀਪ ਸੈਰੀਆਂ ਨਾਲ ਸੈਰ ਕਰਦਾ ਹਾਂ। ਇਥੇ ਸਾਈਕਲ ਚਲਾਉਣ ਲਈ ਵੱਖਰੀ ਲਾਈਨ ਹੈ। ਵੱਡੀਆਂ ਗੱਡੀਆਂ ਵਾਲੇ ਗੱਡੀਆਂ ਰੋਕ ਸਾਈਕਲ ਅਤੇ ਪੈਦਲ ਜਾਣ ਵਾਲਿਆ ਨੂੰ ਪਹਿਲਾਂ ਜਾਣ ਲਈ ਤਰਜੀਹ ਦਿੰਦੇ ਹਨ। ਇੱਥੇ ਕੀ ਬੱਚੇ, ਜਵਾਨ ਅਤੇ ਬਜ਼ੁਰਗ ਸਾਈਕਲ ਦੀ ਸਵਾਰੀ ਕਰਦੇ ਹਨ। ਮੇਰਾ ਭਰਾ ਜਪਾਨ ਰਹਿ ਕੇ ਆਇਆ ਹੈ ਜੋ ਦੱਸਦਾ ਹੈ ਕਿ ਜਪਾਨੀ ਸਾਇਕਲ ਬਹੁਤ ਚਲਾਉਂਦੇ ਹਨ। ਉਨ੍ਹਾਂ ਦੀ ਸਿਹਤ ਦਾ ਰਾਜ ਸਾਈਕਲ ਹੈ। ਸਾਨੂੰ ਵਿਸ਼ਵ ਸਾਇਕਲ ਦਿਵਸ ‘ਤੇ ਸਾਈਕਲ ਚਲਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਜਿਸ ਤਰਾਂ ਹੁਣ ਪੈਟਰੋਲ ਦੀਆਂ ਕੀਮਤਾ ਸਿਖਰਾ ‘ਤੇ ਹਨ ਤਾਂ ਸਾਈਕਲ ਦੀ ਸਵਾਰੀ ਹੋਰ ਵੀ ਫਾਇਦੇਮੰਦ ਹੋ ਜਾਂਦੀ ਹੈ। ਇੱਕ ਪੈਟਰੋਲ ਦੀ ਬੱਚਤ ਹੋਵੇਗੀ ਅਤੇ ਦੂਸਰਾ ਸਿਹਤਯਾਬ ਰਹੋਗੇ।

Related posts

ਕਿਸਾਨ ਕ੍ਰੈਡਿਟ ਕਾਰਡ ‘ਚ ਸੁਧਾਰਾਂ ਨਾਲ ਪੰਜਾਬ ਦੇ 13 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ !

admin

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !

admin

ਅਧਿਆਪਕ ਦੇ ਕਾਤਲਾਂ ਨੂੰ ਬਿਨਾਂ ਦੇਰ ਗ੍ਰਿਫ਼ਤਾਰ ਕਰੋ : ਸਿੰਘ ਸਾਹਿਬ ਗੜਗੱਜ

admin