ਅੰਮ੍ਰਿਤਸਰ – ਸਾਡੇ ਭਵਿੱਖ ਦੀ ਸੁਰੱਖਿਆ ਵਾਤਾਵਰਣ ਦੀ ਸਾਂਭ-ਸੰਭਾਲ ’ਤੇ ਨਿਰਭਰ ਕਰਦੀ ਹੈ। ਇਸ ਪ੍ਰਤੀ ਹਰੇਕ ਮਨੁੱਖ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਇਸਦੀ ਸਾਂਭ-ਸੰਭਾਲ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖਾਲਸਾ ਕਾਲਜ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਸ਼ਿਰਕਤ ਕਰਦਿਆਂ ਪੌਦਾਕਰਨ ਕਰਨ ਸਮੇਂ ਕੀਤਾ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਕਾਲਜ ਦੇ ਐਨ. ਐਸ. ਐਸ ਯੂਨਿਟ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ’ਚ ਕਰਵਾਏ ਗਏ ਸਮਾਗਮ ਮੌਕੇ ਸ: ਛੀਨਾ ਨੇ ਇਕ ਰੁੱਖ ਸੌ ਸੁੱਖ ਦੀ ਧਾਰਨਾ ਨੂੰ ਪਰਪੱਕ ਕਰਦਿਆਂ ਕਿਹਾ ਕਿ ਅੱਜ ਸਾਡੇ ਵੱਲੋਂ ਲਗਾਇਆ ਇਕ ਰੁੱਖ ਭਵਿੱਖ ਦੇ ਹਰੇ-ਭਰੇ ਸੁਨਿਹਰੀ ਕੱਲ੍ਹ ਦਾ ਪ੍ਰਤੀਕ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਅਤੇ ਕੁਦਰਤ ਪ੍ਰਤੀ ਜਿੰਮੇਵਾਰੀ ਨੂੰ ਦਰਸਾਉਂਦਾ ਹੈ। ਇਸ ਮੌਕੇ ਇਕ ਰੁੱਖ ਮਾਂ ਦੇ ਨਾਂ ਮੁਹਿੰਮ ਤਹਿਤ ਕਾਲਜ ਕੈਂਪਸ ’ਚ ਰੁੱਖ ਲਗਾਉਣ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸ: ਛੀਨਾ ਨੇ ਖੁਦ ਰੁੱਖ ਲਗਾ ਕੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ।
ਇਸ ਦੌਰਾਨ ਪ੍ਰਿੰਸੀਪਲ ਡਾ. ਰੰਧਾਵਾ ਨੇ ਕਿਹਾ ਕਿ ਕਾਲਜ ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜਿੰਮੇਵਾਰੀ ਦੇ ਭਾਵਾਂ ਨੂੰ ਉਜਾਗਰ ਕਰਨ ਲਈ ਯੋਗ ਉਪਰਾਲੇ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੁਆਰਾ ਕਾਲਜ ਨੌਜਵਾਨ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਦੇ ਭਾਵਾਂ ਨੂੰ ਉਜਾਗਰ ਕਰਨ ਲਈ ਹਮੇਸ਼ਾਂ ਮੋਹਰੀ ਬਣਿਆ ਰਹੇਗਾ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ, ਰਜਿਸਟਰਾਰ ਡਾ. ਦਵਿੰਦਰ ਸਿੰਘ, ਐਨ. ਐਸ. ਯੂਨਿਟ ਦੇ ਕੋਆਡੀਨੇਟਰ ਪ੍ਰੋ. ਰਣਦੀਪ ਸਿੰਘ, ਐਨ.ਐਸ.ਐਸ ਵਲੰਟੀਅਰਜ਼, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਮੌਜ਼ੂਦ ਸਨ।