ਰੰਗਮੰਚ ਤੋਂ ਛੋਟੇ ਪਰਦੇ ‘ਤੇ ਛਾਇਆ ਨੌਜਵਾਨ ਅਦਾਕਾਰ ਸਾਰਥਿਕ ਕਪੂਰ ਇੰਨੀਂ ਦਿਨੀਂ ਡੀ ਡੀ ਕਿਸਾਨ ਚੈਨਲ ਦੇ ਪ੍ਰਾਈਮ ਟਾਇਮ ਵਿੱਚ ਚਲਦੇ ਧਾਰਮਿਕ ਲੜੀਵਾਰ ‘ਅੰਤ ਕੋਟਿ ਬ੍ਰਹਿਮੰਡ ਨਾਇਕ ਸਾਂਈ ਬਾਬਾ’ ਵਿੱਚ ਅਹਿਮ ਭੂਮਿਕਾ ਨਿਭਾਉਣ ਸਦਕਾ ਚੰਗੀ ਪਛਾਣ ਕਾਇਮ ਕਰ ਚੁੱਕਾ ਹੈ। ਇਸ ਸੀਰੀਅਲ ਵਿੱਚ ਸਾਂਈ ਬਾਬਾ ਦੇ ਬਚਪਨ ਤੇ ਜਵਾਨੀ ਅਵੱਸਥਾ ਦੇ ਰੌਚਕ ਕਿੱਸਿਆਂ ਨੂੰ ਪੇਸ਼ ਕੀਤਾ ਹੈ।
ਅੱਜ ਵੀ ਯਾਦ ਹੈ ਜਦ ਰਮਾਇਣ, ਮਹਾਂਭਾਰਤ, ਕ੍ਰਿਸ਼ਨਾਂ ਵਰਗੇ ਸੀਰੀਅਲਾਂ ਦਾ ਦੌਰ ਸੀ। ਅਨੇਕਾਂ ਨਵੇਂ ਕਲਾਕਾਰਾਂ ਨੇ ਉਸ ਸਮੇਂ ਦੇ ਇੰਨ੍ਹਾਂ ਸੀਰੀਅਲਾਂ ‘ਚ ਕੰਮ ਕਰਕੇ ਆਪਣੇ ਅਦਾਕਾਰੀ ਸਫ਼ਰ ਦੀ ਸੁਰੂਆਤ ਕੀਤੀ ਤੇ ਦਰਸ਼ਕਾਂ ਦੇ ਦਿਲਾ ‘ਚ ਥਾਂ ਬਣਾਈ। ਇਹ ਸੀਰੀਅਲ ਜਿੱਥੇ ਹਰ ਵਰਗ ਦੇ ਦਰਸ਼ਕਾਂ ਦਾ ਮਨੋਰੰਜ਼ਨ ਕਰਦੇ ਸਨ, ਉੱਥੇ ਧਰਮ ਅਤੇ ਜ਼ਿੰਦਗੀ ਦੇ ਫ਼ਲਸਫਿਆਂ ਦਾ ਉਦੇਸ਼ ਵੀ ਦਿੰਦੇ ਸਨ। ਅੱਜ ਵੀ ਕਈ ਪੁਰਾਣੇ ਤੇ ਚਰਚਿਤ ਧਾਰਮਿਕ ਲੜੀਵਾਰਾਂ ਦੇ ਮੁੜ ਪ੍ਰਸਾਰਣ ਸੁਰੂ ਹੋਏ ਹਨ। ਮਾਡਲਿਗ ਖੇਤਰ ‘ਚ ਸਰਗਰਮ ਨੌਜਵਾਨ ਸਾਰਥਿਕ ਕਪੂਰ ਨੇ ਵੀ ਆਪਣੇ ਅਦਾਕਾਰੀ ਸਫ਼ਰ ਨੂੰ ਅੱਗੇ ਵਧਾਉਦਿਆਂ ਅਣਣਿਤ ਧਾਰਮਿਕ ਸੀਰੀਅਲਾਂ ਦੇ ਨਿਰਮਾਤਾ ਵਿਕਾਸ ਕਪੂਰ ਦੇ ਨਵੇਂ ਬਣ ਰਹੇ ‘ਅੰਤ ਕੋਟਿ ਬ੍ਰਹਿਮੰਡ ਨਾਇਕ ਸਾਂਈ ਬਾਬਾ’ ਦਾ ਸਹਾਰਾ ਲਿਆ। ਸਾਂਈ ਬਾਬਾ ਦੀ ਕਿਰਪਾ ਹੋਈ ਕਿ ਅੱਜ ਸਾਰਥਿਕ ਦੀ ਕਲਾ ਗੱਡੀ ਸਫ਼ਲਤਾ ਦੀ ਮੰਜਲ ਵੱਲ ਵਧਦੀ ਜਾ ਰਹੀ ਹੈ। ਉਹ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਹੈ ਕਿ ਸਾਂਈ ਬਾਬਾ ਦੀ ਕਿਰਪਾ ਨਾਲ ਉਹ ਇੱਕ ਚਣੌਤੀ ਭਰਿਆ ਕਿਰਦਾਰ ਨਿਭਾਉਣ ‘ਚ ਸਫ਼ਲ ਰਿਹਾ। ਉਸਨੂੰ ਯਕੀਨ ਨਹੀਂ ਹੋ ਰਿਹਾ ਕਿ ਇਸ ਕਿਰਦਾਰ ਸਦਕਾ ਉਸਨੂੰ ਇਕ ਵੱਡੀ ਪਛਾਣ ਮਿਲੀ ਹੈ। ਸਾਂਈ ਬਾਬਾ ਕਿਰਦਾਰ ਬਾਰੇ ਉਸਦਾ ਕਹਿਣਾ ਹੈ ਕਿ ਉਸ ‘ਤੇ ਬਾਬਾ ਜੀ ਦੀ ਬੜੀ ਕਿਰਪਾ ਹੋਈ ਹੈ। ਇਸ ਲੜੀਵਾਰ ‘ਚ ਕੰਮ ਕਰਦਿਆਂ ਉਸ ਅੰਦਰ ਭਗਤੀ ਭਾਵਨਾ ਦਾ ਚਾਨਣ ਹੋਇਆ ਹੈ। ਇਸ ਲੜੀਵਾਰ ਦੇ ਲੇਖਕ ਅਤੇ ਨਿਰਮਾਤਾ ਵਿਕਾਸ ਕਪੂਰ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਨੇਕ ਇਨਸਾਨ ਹਨ ਜਿੰਨ੍ਹਾਂ ਨੇ ਓਮ ਨਮਓ ਸਿਵਾਏ, ਸ਼੍ਰੀ ਗਣੇਸ਼, ਸੋਭਾ ਸੋਮਨਾਥ, ਮਨ ਮੇਂ ਹੈ ਵਿਸ਼ਵਾਸ਼, ਸ਼੍ਰੀ ਮਦ ਭਗਵਤ ਮਹਾਂਪੁਰਾਣ, ਜੈ ਮਾਂ ਵੈਸ਼ਨੋ ਦੇਵੀ ਆਦਿ ਅਨੇਕਾਂ ਧਾਰਮਿਕ ਲੜੀਵਾਰ ਲਿਖੇ ਹਨ। ਉਸਦੀ ਲਿਖੀ ਫ਼ਿਲਮ ‘ ਸਿਰੜੀ ਸਾਂਈ ਬਾਬਾ’ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲਿਆ।
ਮੁੰਬਈ ਦਾ ਜੰਮਪਲ ਸਾਰਥਿਕ ਕਪੂਰ ਬਾਲੀਵੁੱਡ ਨਗਰੀ ਦਾ ਉਭਰਦਾ ਸਿਤਾਰਾ ਹੈ। ਕਈ ਸਾਲ ਥੀਏਟਰ ਕਰਦਿਆਂ ਉਸਨੇ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਿਆ ਤੇ ਮੁੰਬਈ ਕਲਾਕਾਰਾਂ ਦੀ ਭੀੜ ‘ਚ ਆਪਣੀ ਪਛਾਣ ਬਣਾਈ ਜਿਸ ਸਦਕਾ ਉਸਨੂੰ ਐਡ ਫ਼ਿਲਮਾਂ ਅਤੇ ਲੜੀਵਾਰਾਂ ‘ਚ ਕੰਮ ਮਿਲਣਾ ਸੁਰੂ ਹੋਇਆ। ਧਾਰਮਿਕ ਲੜੀਵਾਰ ‘ਅੰਤ ਕੋਟਿ ਬ੍ਰਹਿਮੰਡ ਨਾਇਕ ਸਾਂਈ ਬਾਬਾ’ ਨੇ ਉਸਦੀ ਕਲਾ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਉਸਨੇ ਦੱਸਿਆ ਕਿ ਜਲਦੀ ਹੀ ਉਸਦੀ ਵੱਡੀ ਫ਼ਿਲਮ ‘ਚਲੋ ਜੀਤ ਲੋ ਯੇਹ ਜਹਾਂ’ ਵੀ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਹੈਂਡੀਕਪ ਕ੍ਰਿਕਟ ਟੀਮ ਅਧਾਰਤ ਹੈ, ਜਿਸ ਵਿੱਚ ਉਹ ਟੀਮ ਦਾ ਕੋਚ ਨਹੀਂ ਹੈ ਬਲਕਿ ਟੀਮ ਦੀ ਮਦਦ ਕਰਨ ਵਾਲਾ ਮੇਨ ਲੀਡ ਕਿਰਦਾਰ ਨਿਭਾਇਆ ਹੈ। ਕਿਵੇਂ ਉਹ ਸਾਰੇ ਰਲ ਕੇ ਇੱਕ ਵਰਲਡ ਕੱਪ ਟੀਮ ਤਿਆਰ ਕਰਦੇ ਹਨ, ਇਹ ਸਾਰਾ ਕੁਝ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।
ਅਮਿਤਾਭ ਬਚਨ, ਸਾਹਰੁਖ ਖਾਨ, ਰਿਤਿਕ ਰੌਸ਼ਨ ਤੇ ਰਣਬੀਰ ਕਪੂਰ ਨੂੰ ਆਪਣਾ ਪ੍ਰਰੇਣਾਸ੍ਰੋਤ ਮੰਨਣ ਵਾਲਾ ਸਾਰਥਿਕ ਕਪੂਰ ਬਾਲੀਵੁੱਡ ‘ਚ ਇੱਕ ਚੰਗੇ ਅਦਾਕਾਰ ਵਜੋਂ ਪਛਾਣ ਸਥਾਪਤ ਕਰਨਾ ਚਾਹੁੰਦਾ ਹੈ। ਉਹ ਹਰ ਤਰ੍ਹਾਂ ਦੇ ਚੰਗੇ ਕਿਰਦਾਰ ਕਰਨ ਦਾ ਇਛੁੱਕ ਹੈ। ਸਾਰਥਕ ਇੱਕ ਬਹੁਪੱਖੀ ਕਲਾਕਾਰ ਹੈ ਜਿਸਨੂੰ ਅਦਾਕਾਰੀ ਦੇ ਨਾਲ ਨਾਲ ਲੇਖਣੀ ਅਤੇ ਡਾਇਰੈਕਸ਼ਨ ਦੇ ਖੇਤਰ ਵਿੱਚ ਵੀ ਚੰਗਾ ਗਿਆਨ ਹੈ। ਭਵਿੱਖ ਵਿੱਚ ਦਰਸ਼ਕ ਸਾਰਥਿਕ ਕਪੂਰ ਤੋਂ ਚੰਗੀਆਂ ਉਮੀਦਾ ਰੱਖਦੇ ਹਨ।
previous post