Punjab

ਸਾਰਿਆਂ ਵੱਲੋਂ ਦੇਸ਼ ਦੀ ਤਰੱਕੀ ਲਈ ਕੰਮ ਕਰਨ ਨਾਲ ਹੀ ਭਾਰਤ ਵਿਸ਼ਵ ਗੁਰੂ ਬਣੇਗਾ – ਰਾਜਪਾਲ 

 ਖਮਾਣੋਂ – ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਟਾਣਾ ਉੱਚਾ ਤਹਿਸੀਲ ਖਮਾਣੋਂ ਵਿਖੇ ਪਹੁੰਚੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਕਸਤ ਭਾਰਤ ਵਿੱਚ ਸਹਿਯੋਗ ਦੇਣ ਲਈ ਲੋਕਾਂ ਵੱਲੋਂ ਸੰਕਲਪ ਵੀ ਲਿਆ ਗਿਆ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਹੁਣ ਇਹ ਸਾਡੀ ਜ਼ਿਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਮਾਜ ਨੂੰ ਯੋਜਨਾਵਾਂ ਬਾਰੇ ਜਾਗਰੂਕ ਕਰੀਏ। ਜਦੋਂ ਸਮਾਜ ਦਾ ਹਰ ਨਾਗਰਿਕ ਜਾਗਰੂਕ ਹੋਵੇਗਾ ਉਦੋਂ ਹੀ ਦੇਸ਼ ਵਿਕਸਿਤ ਹੋ ਕੇ ਵਿਸ਼ਵ ਗੁਰੂ ਬਣੇਗਾ। ਇਸੇ ਮੰਤਵ ਦੀ ਪ੍ਰਾਪਤੀ ਲਈ ਵਿਕਸਤ ਭਾਰਤ ਸੰਕਲਪ ਯਾਤਰਾ ਵੱਖ ਵੱਖ ਥਾਵਾਂ ‘ਤੇ ਪਹੁੰਚ ਰਹੀ ਹੈ।
ਸਰਕਾਰ ਦੀਆਂ ਬੈਂਕ ਲੋਨ ਸੰਬਧੀ ਯੋਜਨਾਵਾਂ ਬਾਰੇ ਪਿੰਡ ਦੀਆਂ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਉਹਨਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਅਤੇ ਜਾਗਰੂਕਤਾ ਨਾਲ ਔਰਤਾਂ ਖ਼ੁਦ ਦਾ ਬਹੁਤ ਵੱਡਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਹਨ। ਉਹਨਾਂ ਲਿਜ਼ਤ ਪਾਪੜ ਦੀ ਉਦਾਹਰਣ ਦਿੰਦੇ ਹੋਏ ਔਰਤਾਂ ਨੂੰ ਉਤਸ਼ਾਹਿਤ ਕੀਤਾ ਕਿ ਇਹ ਪਾਪੜ ਬਣਾਉਣ ਦੀ ਸ਼ੁਰੂਆਤ  ਸਿਰਫ ਪੰਜ ਔਰਤਾਂ ਵੱਲੋਂ ਕੀਤੀ ਗਈ ਸੀ, ਜਿਸ ਦਾ ਨਾਮ ਅੱਜ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਜ਼ਰੂਰੀ ਕਿ ਨਸ਼ੇ ਤੋਂ ਬਚਾਇਆ ਜਾਵੇ ਅਤੇ ਇਸ ਬਾਰੇ ਹਰ ਨਾਗਰਿਕ ਨੂੰ ਸੁਚੇਤ ਹੋਣਾ ਪਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ,  ਸਮੇਤ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਕਈ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ।
ਇਸ ਦੌਰਾਨ ਮਾਣਯੋਗ ਰਾਜਪਾਲ ਦੀ ਮੌਜੂਦਗੀ ਵਿੱਚ ਵਿਕਸਤ ਭਾਰਤ ਲਈ ਸੰਕਲਪ ਲਿਆ ਗਿਆ ਅਤੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਵਿਚਾਰ ਵੀ ਸੁਣੇ ਗਏ। ਇਸ ਮੌਕੇ ਵਾਤਾਵਰਣ ਦੀ ਸੰਭਾਲ ਲਈ ਇਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ।
ਵਿਕਸਿਤ ਭਾਰਤ ਸੰਕਲਪ ਯਾਤਰਾ, ਭਾਰਤ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵਿਆਪਕ ਪਹਿਲ ਹੈ। ਇਸ ਤਹਿਤ ਖ਼ਾਸ ਤੌਰ ’ਤੇ ਡਿਜ਼ਾਈਨ ਕੀਤੀਆਂ ਗਈਆਂ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨਾਂ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ ‘ਤੇ ਹੀ ਇਨ੍ਹਾਂ ਸਕੀਮਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਯਾਤਰਾ ਦੌਰਾਨ ਖ਼ਾਸ ਕਰ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਪੋਸ਼ਣ ਅਭਿਆਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਸੁਰੱਖਿਆ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਡਰੋਨ ਰਾਹੀਂ ਖੇਤਾਂ ਵਿੱਚ ਸਪਰੇਅ ਆਦਿ ਸਮੇਤ ਹੋਰ ਬਹੁਤ ਸਾਰੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਇਸ ਪ੍ਰੋਗਰਾਮ ਤੋਂ ਪਹਿਲਾਂ ਮਾਣਯੋਗ ਰਾਜਪਾਲ ਨੇ ਲੁਧਿਆਣਾ ਦੇ ਪਿੰਡ ਲੱਲ ਕਲਾਂ ਵਿਖੇ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਿਰਕਤ ਕੀਤੀ ।

Related posts

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਕਾਰ ‘ਤੇ ਪਥਰਾਅ

admin

ਬਹੁਮਤ ਸਾਬਤ ਨਹੀਂ ਕਰ ਸਕੇ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਕਾਰਜਕਾਰੀ ਮੇਅਰ

Bunty

ਮਜੀਠਾ ਹਲਕੇ ਤੋਂ ਵਿਧਾਇਕ ਗਨਵ ਮਜੀਠੀਆ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Bunty