ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਪੀ ਸੀ) ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਵਿੱਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੇਸ਼ੱਕ ਆਪਣੀ ਚੋਣ ਹਾਰ ਗਏ ਹਨ ਪਰ ਆਪਣੀ ਹਾਰ ਦੇ ਬਾਵਜੂਦ ਉਹ ਦਿੱਲੀ ਕਮੇਟੀ ਦੇ ਮੁੜ ਪ੍ਰਧਾਨ ਬਣ ਸਕਦੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੁੱਲ ਇਹਨਾਂ ਚੋਣਾਂ ਦੇ ਵਿੱਚ ਬਹੁਮਤ ਹਾਸਲ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ ਅਤੇ ਸਮਝਿਆ ਜਾ ਰਿਹਾ ਹੈ ਕਿ ਸਿਰਸਾ ਆਪਣੀ ਖੁਦ ਦੀ ਚੋਣ ਹਾਰਨ ਦੇ ਬਾਵਜੂਦ ਪਾਰਟੀ ਦੇ ਜੇਤੂ ਮੈਂਬਰਾਂ ਦੀ ਗਿਣਤੀ ਵੱਧ ਹੋਣ ਕਾਰਣ ਮੁੜ ਪ੍ਰਧਾਨਗੀ ਸੰਭਾਲ ਸਕਦੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਪੀ ਸੀ) ਦੀਆਂ ਹੋਈਆਂ ਚੋਣਾਂ ਦੇ ਵਿੱਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਹਾਰ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੁੱਲ 46 ਸੀਟਾਂ ਵਿੱਚੋਂ 27 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਮਨਜਿੰਦਰ ਸਿੰਘ ਸਿਰਸਾ ਦੀ ਖੁਦ ਹਰਵਿੰਦਰ ਸਿੰਘ ਸਰਨਾ ਤੋਂ 500 ਵੋਟਾਂ ਨਾਲ ਹਾਰ ਗਏ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਕੱਲ੍ਹ ਬੁੱਧਵਾਰ ਆਰੀਆਭੱਟ ਇੰਸਟੀਚਿਊਟ ਆਫ਼ ਟੈਕਨਾਲੌਜੀ, ਅਸ਼ੋਕ ਵਿਹਾਰ ਵਿਖੇ ਗਿਣਤੀ ਕੇਂਦਰ ਤੋਂ ਬਾਹਰ ਨਿਕਲਦਿਆਂ ਮੀਡੀਆ ਨੂੰ ਜਿੱਤ ਦੇ ਸੰਕੇਤ ਦਿਖਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸਾਨੂੰ ਬਹੁਮਤ ਦੇ ਕੇ ਸੇਵਾ ਦਾ ਮੌਕਾ ਦਿੱਤਾ ਹੈ।
ਵਰਨਣਯੋਗ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਲਈ ਕਮੇਟੀ ਦੀ 8ਵੀਂ ਚੋਣ 22 ਅਗਸਤ ਨੂੰ ਹੋਈ ਸੀ ਜਿਸ ਵਿੱਚੇ ਕੁਲ 3.42 ਹਜ਼ਾਰ ਵੋਟਾਂ ਵਿੱਚੋਂ ਸਿਰਫ 1.27 ਲੱਖ ਵੋਟਾਂ (37.27 ਫੀਸਦੀ) ਹੀ ਪੋਲ ਹੋਈਆਂ| ਪਿਛਲੀ ਵਾਰੀ 2017 ਵਿੱਚ 47.86 ਫੀਸਦੀ ਵੋਟ ਪੋਲ ਹੋਈ ‘ਤੇ ਕੁਲ ਵੋਟਾਂ 3.86 ਲੱਖ ਵੋਟਰ ਸਨ| ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਮੁੱਖ ਤੌਰ ‘ਤੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਭਾਈ ਰਣਜੀਤ ਸਿੰਘ ਦੀ ਪੰਥਕ ਸੇਵਾ ਲਹਿਰ, ਸ਼੍ਰੋਮਣੀ ਅਕਾਲੀ ਦਲ ਬਾਦਲ, ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਤੋਂ ਇਲਾਵਾ ਪੰਥਕ ਸੇਵਾ ਦਲ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਸਿੱਖ ਸਦਭਾਵਨਾ ਦਲ ਵਿਚਾਲੇ ਮੁਕਾਬਲਾ ਸੀ| ਕਮੇਟੀ ਦੇ 46 ਹਲਕਿਆ ਵਿੱਚੋਂ 27 ਸੀਟਾਂ ‘ਤੇ ਬਾਦਲ ਦਲ ਨੇ ਕਬਜ਼ਾ ਕਰ
ਲਿਆ ਹੈ, ਜਦ ਕਿ ਸਰਨਾ ਧੜੇ ਨੂੰ 14, ਜਾਗੋ ਪਾਰਟੀ ਨੂੰ 3, ਭਾਈ ਰਣਜੀਤ ਸਿੰਘ ਦੀ ਪੰਥਕ ਸੇਵਾ ਲਹਿਰ 1 ਸੀਟ ਤੋਂ ਅਤੇ ਇੱਕ ਸੀਟ ਤੋਂ ਅਜ਼ਾਦ ਉਮੀਦਵਾਰ ਤਲਵਿੰਦਰ ਸਿੰਘ ਮਰਵਾਹਾ ਨੇ ਜਿੱਤ ਪ੍ਰਾਪਤ ਕੀਤੀ ਹੈ|
ਇਥੇ ਇਹ ਵੀ ਵਰਨਣਯੋਗ ਹੈ ਕਿ ਦਿੱਲੀ ਕਮੇਟੀ ਦੇ ਐਕਟ ਮੁਤਾਬਕ ਹਾਊਸ ਦੇ ਕੱਲ 55 ਮੈਂਬਰ ਹੁੰਦੇ ਹਨ, ਜਿਹਨਾਂ ਵਿੱਚੋਂ 46 ਚੁਣੇ ਜਾਂਦੇ ਹਨ, ਇੱਕ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ, ਦੋ ਲਾਟਰੀ ਰਾਹੀਂ ਸਿੰਘ ਸਭਾਵਾਂ ਵੱਲੋਂ ਲਏ ਜਾਂਦੇ ਹਨ ਤੇ ਦੋ ਹੋਰ ਚੁਣੇ ਹੋਏ ਮੈਂਬਰਾਂ ਰਾਹੀਂ ਨਾਮਜ਼ਦ ਕੀਤੇ ਜਾਂਦੇ ਹਨ, ਜਦ ਕਿ ਚਾਰ ਤਖਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ, ਜਿਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ| ਨਾਮਜ਼ਦ ਮੈਂਬਰਾਂ ਵਿੱਚ ਇੱਕ ਬਾਦਲ ਦਲ ਤੇ ਇੱਕ ਸਰਨਾ ਧੜੇ ਦਾ ਹੋ ਸਕਦਾ ਹੈ| ਹੁਣ ਤੱਕ ਸਰਨਿਆਂ ਨਾਲ 19 ਮੈਂਬਰ ਹਨ ਤੇ ਇੱਕ ਨਾਮਜ਼ਦ ਹੋਣ ਉਪਰੰਤ ਮੈਂਬਰਾਂ ਦੀ ਗਿਣਤੀ 20 ਹੋ ਜਾਵੇਗੀ | ਇਸੇ ਤਰ੍ਹਾਂ ਬਾਦਲਾਂ ਦੇ ਮੈਬਰਾਂ ਦੀ ਗਿਣਤੀ 28 ਹੋ ਜਾਵੇਗੀ| ਦੋ ਸਿੰਘ ਸਭਾਵਾਂ ਵਿੱਚੋਂ ਲਾਟਰੀ ਰਾਹੀਂ ਆਉਣ ਉਪਰੰਤ ਪਤਾ ਲੱਗੇਗਾ ਕਿ ਉਹ ਕਿਹੜੇ ਧੜੇ ਦੇ ਆਉਂਦੇ ਹਨ| ਦਿੱਲੀ ਵਿੱਚ ਸਰਨਾ ਧੜੇ ਦਾ ਵੀ ਮਜ਼ਬੂਤ ਆਧਾਰ ਹੋਣ ਕਰਕੇ ਜੋੜ-ਤੋੜ ਦੇ ਯਤਨ ਜਾਰੀ ਹਨ ਅਤੇ ਉਸ ਵਲੋਂ ਵੀ ਬਹੁਮਤ ਹਾਸਲ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।