Punjab

ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦੀ ਪੜ੍ਹਤਾਲ ਦੇ ਨਿਰਦੇਸ਼

ਸਿੱਖ ਵਿਦਿਆਰਥੀਆਂ ਪ੍ਰੀਖਿਆਵਾਂ ਦੇ ਦੌਰਾਨ।

ਅੰਮ੍ਰਿਤਸਰ – ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੜ੍ਹਤਾਲ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨ ਅਧਿਆਪਕ ਯੋਗਤਾ ਪ੍ਰੀਖਿਆ ਲਈ ਬਠਿੰਡਾ ਦੇ ਪਿੰਡ ਭੋਖੜਾ ਵਿਖੇ ਦਿੱਲੀ ਪਬਲਿਕ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਬਹੁਗਿਣਤੀ ਸਿੱਖ ਵਸੋਂ ਵਾਲਾ ਖਿੱਤਾ ਹੈ, ਜਿਥੇ ਹਰ ਇਕ ਨੂੰ ਇਹ ਪਤਾ ਹੈ ਕਿ ਕੜਾ ਸਿੱਖਾਂ ਦਾ ਅਨਿੱਖੜਵਾਂ ਅੰਗ ਹਨ, ਪਰ ਇਸ ਦੇ ਬਾਵਜੂਦ ਵੀ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣ ਦੀ ਹਰਕਤ ਮੰਦਭਾਗੀ ਹੈ। ਉਨ੍ਹਾਂ ਆਖਿਆ ਕਿ ਗੁਰੂਆਂ ਦੀ ਧਰਤੀ ਪੰਜਾਬ ਵਿਚ ਅਜਿਹੀਆਂ ਹਰਕਤਾਂ ਕਿਸ ਦੇ ਇਸ਼ਾਰੇ ’ਤੇ ਹੋ ਰਹੀਆਂ ਹਨ, ਇਹ ਜਾਂਚ ਦਾ ਵਿਸ਼ਾ ਹੈ। ਕੀ ਪੰਜਾਬ ਸਰਕਾਰ ਇਸ ਨੂੰ ਪ੍ਰਵਾਨਗੀ ਦੇ ਰਹੀ ਹੈ, ਜੇਕਰ ਅਜਿਹਾ ਹੈ ਤਾਂ ਇਸ ਤੋਂ ਦੁਖਦਾਈ ਹੋਰ ਕੀ ਹੋ ਸਕਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸੰਜੀਦਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਵਾਸਤੇ ਲਿਖਿਆ ਜਾਵੇਗਾ। ਫਿਲਹਾਲ ਇਸ ਦੀ ਪੜ੍ਹਤਾਲ ਕਰਵਾਈ ਜਾ ਰਹੀ ਹੈ। ਜਾਂਚ ਪੜ੍ਹਤਾਲ ਦੀ ਇਸ ਕਾਰਵਾਈ ਲਈ ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ ਬਠਿੰਡਾ ਦੇ ਮੈਨੇਜਰ ਸ. ਦਰਸ਼ਨ ਸਿੰਘ, ਸਬ-ਆਫ਼ਿਸ ਤਲਵੰਡੀ ਸਾਬੋ ਦੇ ਇੰਚਾਰਜ ਸ. ਭੋਲਾ ਸਿੰਘ ਅਤੇ ਪ੍ਰਚਾਰਕ ਸਿੰਘਾਂ ਦੀ ਡਿਊਟੀ ਲਗਾਈ ਗਈ ਹੈ। ਇਸ ਕਮੇਟੀ ਦੀ ਜਾਂਚ ਰਿਪੋਰਟ ਅਨੁਸਾਰ ਬਣਦੀ ਕਰਵਾਈ ਹੋਵੇਗੀ।

ਐਡਵੋਕੇਟ ਧਾਮੀ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਹਰਕਤਾਂ ਦਾ ਮੌਕੇ ’ਤੇ ਹੀ ਵਿਰੋਧ ਦਰਜ ਕਰਵਾਇਆ ਜਾਵੇ। ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਨੂੰ ਚੁਣੌਤੀ ਦਿੱਤੀ ਜਾਵੇ ਅਤੇ ਮੌਕੇ ’ਤੇ ਮੌਜੂਦ ਸਿੱਖ ਪ੍ਰਸੰਗ ਵਿਚ ਆਪਣੀ ਗੱਲ ਰੱਖ ਕੇ ਕੌਮੀ ਤਰਜਮਾਨੀ ਕਰਨਾ ਹਰ ਸਿੱਖ ਦਾ ਫ਼ਰਜ਼ ਹੈ ਅਤ ਜੇਕਰ ਅਜਿਹੀਆਂ ਹਰਕਤਾਂ ਨੂੰ ਮੂਕ ਪ੍ਰਵਾਨਗੀ ਮਿਲਦੀ ਰਹੀ ਤਾਂ ਸਿੱਖ ਵਿਰੋਧੀ ਅਨਸਰਾਂ ਦੇ ਹੌਂਸਲੇ ਹੋਰ ਵਧਣਗੇ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

admin

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

admin

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ

admin