ਆਂਧਰ ਪ੍ਰਦੇਸ਼ – ਚੀਫ ਜਸਟਿਸ (ਸੀਜੇਆਈ) ਐੱਨਵੀ ਰਮਨਾ ਨੇ ਕਿਹਾ ਕਿ ਸ਼ਾਸਕ ਨੂੰ ਆਪਣੇ ਫ਼ੈਸਲਿਆਂ ਨੂੰ ਲੈ ਕੇ ਰੋਜ਼ਾਨਾ ਆਤਮ ਮੰਥਨ ਕਰਨ ਦੀ ਲੋੜ ਹੈ। ਉਸ ਦੇ ਫ਼ੈਸਲੇ ਚੰਗੇ ਹਨ ਜਾਂ ਖ਼ਰਾਬ, ਇਨ੍ਹਾਂ ਨੂੰ ਲੈ ਕੇ ਉਸ ਨੂੰ ਰੋਜ਼ ਚਿੰਤਨ ਕਰਨਾ ਚਾਹੀਦਾ ਹੈ।ਸੋਮਵਾਰ ਨੂੰ ਅਨੰਤਪੁਰਮ ਜ਼ਿਲ੍ਹੇ ਦੇ ਪੁੱਟਪਰਥੀ ’ਚ ਸ਼੍ਰੀਸੱਤਿਆ ਸਾਈਂ ਇੰਸਟੀਚਿਊਟ ਆਫ ਹਾਇਰ ਲਰਨਿੰਗ ਦੇ 40ਵੇਂ ਡਿਗਰੀ ਵੰਡ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਸੀਜੇਆਈ ਨੇ ਰਮਾਇਣ ਤੇ ਮਹਾਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਾਸਕ ’ਚ 14 ਖ਼ਰਾਬ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿਵਸਥਾ ’ਚ ਸਾਰੇ ਸ਼ਾਸਕਾਂ ਨੂੰ ਆਪਣਾ ਰੋਜ਼ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ’ਚ ਕੀ ਕੋਈ ਖ਼ਰਾਬ ਗੱਲ ਹੈ। ਨਿਆਂਸੰਗਤ ਪ੍ਰਸ਼ਾਸਨ ਦੇਣ ਦੀ ਲੋੜ ਹੈ ਤੇ ਇਹ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਹੋਣਾ ਚਾਹੀਦਾ ਹੈ। ਇੱਥੇ ਬਹੁਤ ਸਾਰੇ ਬੁੱਧੀਮਾਨ ਲੋਕ ਹਨ ਜੋ ਦੇਸ਼ ਤੇ ਦੁਨੀਆ ’ਚ ਹੋ ਰਹੇ ਘਟਨਾਕ੍ਰਮ ਨੂੰ ਦੇਖ ਰਹੇ ਹਨ। ਸੀਜੇਆਈ ਨੇ ਕਿਹਾ ਕਿ ਲੋਕਤੰਤਰ ’ਚ ਜਨਤਾ ਹੀ ਪਰਮ ਪ੍ਰਭੂ ਹੈ ਤੇ ਸਰਕਾਰ ਨੇ ਜੋ ਵੀ ਫ਼ੈਸਲਾ ਲਿਆ ਹੈ, ਉਸ ਦਾ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ’ਚ ਸਾਰੀਆਂ ਵਿਵਸਥਾਵਾਂ ਸੁਤੰਤਰ ਤੇ ਇਮਾਨਦਾਰ ਹੋਣੀਆਂ ਚਾਹੀਦੀਆਂ ਹਨ, ਪਰ ਮੰਦਭਾਗੀ ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਸਿਰਫ਼ ਉਪਯੋਗਤਾ ਵਾਲੇ ਕਾਰਜਾਂ ’ਤੇ ਹੀ ਧਿਆਨ ਦਿੰਦੀ ਹੈ। ਇਸ ਤਰ੍ਹਾਂ ਦੀ ਪ੍ਰਣਾਲੀ ਸਿੱਖਿਆ ਦੇ ਨੈਤਿਕ ਤੇ ਅਧਿਆਤਮਕ ਪਹਿਲੂ ਨਾਲ ਨਜਿੱਠਣ ’ਚ ਸਮਰੱਥ ਨਹੀਂ ਹੈ ਜੋ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ ਤੇ ਉਨ੍ਹਾਂ ’ਚ ਸਮਾਜਿਕ ਚੇਤਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਦੀ ਹੈ।ਸੀਜੇਆਈ ਨੇ ਕਿਹਾ ਕਿ ਸੱਚੀ ਸਿੱਖਿਆ ਉਹ ਹੈ ਜੋ ਨੈਤਿਕ ਕਦਰਾਂ ਕੀਮਤਾਂ ਤੇ ਨਿਮਰਤਾ ਦੇ ਗੁਣ, ਅਨੁਸ਼ਾਸਨ, ਨਿਸੁਆਰਥ, ਕਰੁਣਾ, ਸਹਿਣਸ਼ੀਲਤਾ, ਖਿਮਾ ਤੇ ਆਪਸੀ ਸਨਮਾਨ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਭਾਗ ਮਿਲਿਆ ਹੈ ਕਿ ਮੈਂ ਸੱਤਿਆ ਸਾਈਂ ਬਾਬਾ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਦੀ ਗਿਆਨ ਦੀਆਂ ਗੱਲਾਂ ਹਮੇਸ਼ਾ ਮੇਰੇ ਨਾਲ ਰਹਿੰਦੀਆਂ ਹਨ।