ਮੁੰਬਈ- ਕੇਂਦਰੀ ਜਾਂਚ ਬਿਊਰੋ ਨੇ ਮੁੰਬਈ ‘ਚ ਵਿਸ਼ੇਸ਼ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਹੁਣ ਸ਼ੀਨਾ ਬੋਰਾ ਹੱਤਿਆ ਮਾਮਲੇ ‘ਚ ਅਗਲੀ ਜਾਂਚ ਜਾਰੀ ਨਹੀਂ ਰੱਖੇਗਾ। ਅਦਾਲਤ ਨੇ ਆਪਣੇ ਰੋਜ਼ਨਾਮਚੇ ‘ਚ ਮੰਗਲਵਾਰ ਨੂੰ ਇਹ ਦਰਜ ਕਰ ਲਿਆ। ਸੀਬੀਆਈ 2015 ਤੋਂ ਸ਼ੀਨਾ ਬੋਰਾ ਹੱਤਿਆ ਮਾਮਲੇ ਦੀ ਜਾਂਚ ‘ਚ ਲੱਗੀ ਹੈ। ਮੁੰਬਈ ਪੁਲਿਸ ਵੱਲੋਂ ਦਰਜ ਮਾਮਲੇ ਮੁਤਾਬਕ, ਅਪ੍ਰੈਲ 2012 ‘ਚ ਸ਼ੀਨਾ ਬੋਰਾ ਨੂੰ ਅਗਵਾ ਕੀਤਾ ਗਿਆ ਤੇ ਉਸ ਦੀ ਹੱਤਿਆ ਕਰ ਦਿੱਤੀ ਗਈ। ਮਾਮਲੇ ‘ਚ ਇੰਦਰਾਨੀ ਮੁਖਰਜੀ ਤੇ ਉਸ ਦੇ ਪਤੀ ਪੀਟਰ ਮੁਖਰਜੀ ਸਮੇਤ ਚਾਰ ਲੋਕ ਮੁਲਜ਼ਮ ਬਣਾਏ ਗਏ। ਬਾਅਦ ‘ਚ ਮਾਮਲਾ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਗਿਆ। ਛੇ ਸਾਲਾਂ ਦੀ ਜਾਂਚ, ਪੰਜ ਦੋਸ਼ ਪੱਤਰ ਤੇ ਪੂਰਕ ਦੋਸ਼ ਪੱਤਰਾਂ ਤੋਂ ਬਾਅਦ ਸੀਬੀਆਈ ਨੇ ਹੁਣ ਵਿਸ਼ੇਸ਼ ਕੋਰਟ ਨੂੰ ਕਿਹਾ ਹੈ ਕਿ ਉਹ ਮਾਮਲੇ ‘ਚ ਅਗਲੀ ਜਾਂਚ ਨਹੀਂ ਕਰੇਗੀ। ਜਾਂਚ ਪੂਰੀ ਹੋ ਗਈ ਹੈ। ਇੰਦਰਾਨੀ ਦੇ ਡਰਾਈਵਰ ਸ਼ਿਆਮਵਰ ਰਾਏ ਦੇ ਅਗਸਤ 2015 ‘ਚ ਇਕ ਹੋਰ ਮਾਮਲੇ ‘ਚ ਗਿ੍ਫ਼ਤਾਰ ਹੋਣ ਤੋਂ ਬਾਅਦ ਇਹ ਮਾਮਲਾ ਪ੍ਰਕਾਸ਼ ‘ਚ ਆਇਆ। ਜਾਂਚ ਦੌਰਾਨ ਉਸ ਨੇ ਅਪ੍ਰੈਲ 2012 ‘ਚ ਸ਼ੀਨਾ ਬੋਰਾ ਦੀ ਹੱਤਿਆ ਕਰਨ ਦੀ ਗੱਲ ਮੰਨੀ। ਉਸ ਨੇ ਦੱਸਿਆ ਕਿ ਉਸ ਨੇ ਲਾਸ਼ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਸੁੱਟ ਦਿੱਤੀ ਸੀ। ਉਸ ਨੇ ਮੁੰਬਈ ਪੁਲਿਸ ਨੂੰ ਇਹ ਵੀ ਕਿਹਾ ਕਿ ਸ਼ੀਨਾ ਦੀ ਮਾਂ ਇੰਦਰਾਨੀ ਮੁਖਰਜੀ ਤੇ ਸੰਜੀਵ ਖੰਨਾ ਵੀ ਇਸ ਹੱਤਿਆਕਾਂਡ ‘ਚ ਸ਼ਾਮਲ ਹਨ।