ਬਠਿੰਡਾ – ਸਾਲ 2022 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਪਾਰਟੀ ਟਿਕਟਾਂ ਦਾ ਐਲਾਨ ਵੀ ਕਰਨ ਲੱਗੇ ਹਨ। ਸੁਖਬੀਰ ਬਾਦਲ ਨੇ ਭੁੱਚੋ ਮੰਡੀ ਤੋਂ ਦਰਸ਼ਨ ਸਿੰਘ ਕੋਟ ਫੱਤਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਤੇ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਉਮੀਦਵਾਰ ਐਲਾਨਿਆ ਹੈ।
ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਸਬੰਧੀ ਕਈ ਮਹੀਨਿਆਂ ਤੋਂ ਚਰਚਾ ਸੀ ਕਿ ਉੱਥੋਂ ਚੋਣ ਸਿਕੰਦਰ ਸਿੰਘ ਮਲੂਕਾ ਖ਼ੁਦ ਲੜਨਗੇ ਜਾਂ ਫਿਰ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਪਿਛਲੇ ਕਈ ਮਹੀਨਿਆਂ ਤੋਂ ਮੌੜ ਹਲਕੇ ਦੀ ਜ਼ਿੰਮੇਵਾਰੀ ਵੀ ਸੌਂਪੀ ਹੋਈ ਸੀ। ਪਾਰਟੀ ਉਮੀਦਵਾਰਾਂ ਦੇ ਐਲਾਨਾਂ ਦੇ ਨਾਲ ਹੀ ਇਨ੍ਹਾਂ ਚਰਚਿਆਂ ‘ਤੇ ਵਿਰਾਮ ਲੱਗ ਗਿਆ ਹੈ, ਉੱਥੇ ਹੀ ਭੁੱਚੋ ਮੰਡੀ ਵਿਧਾਨ ਸਭ ਹਲਕੇ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਬਠਿੰਡਾ ਦੇਹਾਤੀ ਖੇਤਰ ਤੋਂ ਚੋਣ ਲੜਨ ਦੇ ਚਾਹਵਾਨ ਸਨ। ਇੱਥੋਂ ਦੋ ਵਾਰ ਉਹ ਚੋਣ ਲੜ ਚੁੱਕੇ ਹਨ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਨੂੰ ਇੱਥੋਂ ਮਲੋਟ ਭੇਜ ਦਿੱਤਾ ਗਿਆ ਸੀ। ਇੱਥੇ ਉਹ ਚੋਣ ਹਾਰ ਗਏ ਸਨ। ਹੁਣ ਉਨ੍ਹਾਂ ਨੇ ਬਠਿੰਡਾ ਦੇਹਾਤੀ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਉਨ੍ਹਾਂ ਦਾ ਹਲਕਾ ਮੁੜ ਬਦਲ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬਠਿੰਡਾ ਦੇਹਾਤੀ ਦੀ ਬਜਾਏ ਭੁੱਚੋ ਮੰਡੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਬਠਿੰਡਾ ਦੇਹਾਤੀ ਖੇਤਰ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਅਮਿਤ ਰਤਨ ਕੋਟਫੱਤਾ ਨੂੰ ਟਿਕਟ ਦਿੱਤੀ ਗਈ ਸੀ ਪਰ ਉਹ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਹੁਣ ਬਠਿੰਡਾ ਦੇਹਾਤੀ ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਪਹਿਲਾਂ ਕੋਟਕਪੂਰਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ ਤੇ ਕਾਂਗਰਸ ਦੀ ਟਿਕਟ ‘ਤੇ ਵੀ ਚੋਣ ਲੜ ਚੁੱਕੇ ਹਨ। ਬਾਅਦ ਵਿਚ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ ਤੇ ਹੁਣ ਬਠਿੰਡਾ ਦੇਹਾਤੀ ਹਲਕੇ ਤੋਂ ਉਮੀਦਵਾਰ ਬਣਾਏ ਗਏ ਹਨ।