ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਊਢੀ ਦੇ ਬਾਹਰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਹੈ। ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਹਨ। ਉਹ ਦੂਜੇ ਦਿਨ ਦਰਸ਼ਨੀ ਡਿਊਢੀ ਦੇ ਬਾਹਰ ਸੇਵਾਦਾਰ ਦਾ ਚੋਲ਼ਾ ਪਾ ਕੇ ਬਰਛਾ ਲੈ ਕੇ ਪਹਿਰਾ ਦੇ ਰਹੇ ਸਨ। ਉਨ੍ਹਾਂ ਦੇ ਪੈਰ ਵਿੱਚ ਫਰੈਕਚਰ ਕਾਰਨ ਪਲੱਸਤਰ ਲੱਗਾ ਹੋਇਆ ਹੈ ਅਤੇ ਉਹ ਵੀਲ਼੍ਹ ਚੇਅਰ ਉੱਤੇ ਬੈਠ ਕੇ ਹੀ ਧਾਰਮਿਕ ਸਜ਼ਾ ਭੁਗਤ ਰਹੇ ਹਨ। ਸੁਖਬੀਰ ਬਾਦਲ ਵੀਲ੍ਹ ਚੇਅਰ ਉੱਤੇ ਬੈਠੇ ਹੋਏ ਸਨ ਅਤੇ ਇਸੇ ਦੌਰਾਨ ਹੀ ਉਨ੍ਹਾਂ ʼਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਗੋਲ਼ੀ ਚਲਾਉਣ ਵੇਲੇ ਹਮਲਾਵਰ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। ਹਮਲਾਵਰ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਸ਼ਿਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਗੋਲ਼ੀ ਚਲਾਉਣ ਵਾਲੇ ਸ਼ਖਸ ਨਰਾਇਣ ਸਿੰਘ ਚੌੜਾ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਰਬਾਰ ਸਾਹਿਬ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਦ ਕੀਤੇ ਗਏ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ 175 ਤੋਂ ਵੱਧ ਮੁਲਾਜ਼ਮ ਦਰਬਾਰ ਸਾਹਿਬ ਦੀ ਹਦੂਦ ਅੰਦਰ ਮੌਜੂਦ ਹਨ। ਉਨ੍ਹਾਂ ਦੱਸਿਆ, “ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਵੱਲੋਂ ਸਭ ਤੋਂ ਪਹਿਲਾ ਮੁਲਜ਼ਮ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਨੇ ਹਮਲਾ ਦੀ ਕੋਸ਼ਿਸ ਸਮੇਂ ਨਰਾਇਣ ਸਿੰਘ ਚੌੜਾ ਨੂੰ ਦੀ ਬਾਂਹ ਨੂੰ ਫੜ੍ਹ ਕੇ ਪਿਸਤੌਲ ਦਾ ਮੂੰਹ ਉੱਪਰ ਨੂੰ ਕਰ ਦਿੱਤਾ ਜਿਸ ਨਾਲ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤੀ ਜਾ ਸਕੀ। ਉਨ੍ਹਾਂ ਅੱਗੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹਥਿਆਰ ਵੀ ਰਿਕਵਰ ਕਰ ਲਿਆ ਗਿਆ ਹੈ, ਇਸ ਮਾਮਲੇ ਹਰ ਪੱਖੋ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀਅਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ (ਏਡੀਸੀਪੀ) ਹਰਪਾਲ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਸਾਡਾ ਬਕਾਇਦਾ ਸੁਰੱਖਿਆ ਪ੍ਰਬੰਧ ਸੀ। ਕਮਿਸ਼ਨਰ ਵੱਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਅਸੀਂ ਸਵੇਰੇ 7 ਵਜੇ ਤੋਂ ਇੱਥੇ ਸੁਰੱਖਿਆ ਪ੍ਰਬੰਧ ਦੇਖ ਰਹੇ ਸੀ ਅਤੇ ਇਸ ਵਿਅਕਤੀ ਉੱਤੇ ਨਿਗ੍ਹਾ ਰੱਖ ਰਹੇ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੁਆਲੇ ਘੇਰਾਬੰਦੀ ਕੀਤੀ ਸੀ। ਹਮਲਾ ਕਰਨ ਵਾਲਾ ਵਿਅਕਤੀ ਨਰਾਇਣ ਸਿੰਘ ਚੌੜਾ ਹੈ ਜੋ ਕਿ ਕੱਲ੍ਹ ਵੀ ਦਰਬਾਰ ਸਾਹਿਬ ਵਿੱਚ ਘੁੰਮਦਾ ਦੇਖਿਆ ਗਿਆ ਸੀ। ਅੱਜ ਇਹ ਪਹਿਲਾਂ ਗੁਰੂ ਘਰ ਮੱਥਾ ਟੇਕਣ ਗਿਆ। ਉਸ ਤੋਂ ਸਿੱਧੀ ਗੋਲੀ ਇਸ ਲਈ ਨਹੀਂ ਚੱਲ ਸਕੀ ਕਿਉਂਕਿ ਸਾਡਾ ਸੁਰੱਖਿਆ ਕਰਮੀ ਅਲਰਟ ’ਤੇ ਸੀ। ਅਸੀਂ ਅਲਰਟ ’ਤੇ ਸੀ ਅਤੇ ਇਸ ਦੀਆਂ ਗਤੀਵਿਧੀਆਂ ਉੱਤੇ ਨਿਗ੍ਹਾ ਰੱਖ ਰਹੇ ਸੀ।
ਵਰਨਣਯੋਗ ਹੈ ਕਿ ਨਰਾਇਣ ਸਿੰਘ ਚੌੜਾ ਖ਼ਾਲਿਸਤਾਨ ਲਹਿਰ ਦੌਰਾਨ ਸਰਗਰਮ ਰਹੇ ਹਨ, ਚੌੜਾ ਦਾ ਸਬੰਧ ਕਥਿਤ ਤੌਰ ‘ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਰਿਹਾ ਹੈ। ਚੌੜਾ ਬੁੜੈਲ ਜੇਲ੍ਹ ਬਰੇਕ ਮਾਮਲੇ ਵਿੱਚ ਵੀ ਮੁਲਜ਼ਮ ਸੀ। ਪੁਲਿਸ ਨੇ ਉਨ੍ਹਾਂ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਸੀ। ਨਰਾਇਣ ਸਿੰਘ ਚੌੜਾ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਪਰਿਵਾਰ 1994 ਵਿੱਚ ਪਿੰਡ ਚੌੜਾ ਤੋਂ ਡੇਰਾ ਬਾਬਾ ਨਾਨਕ ਸ਼ਿਫ਼ਟ ਹੋ ਚੁੱਕਿਆ ਹੈ। ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ।
