ਚੰਡੀਗੜ੍ਹ – ਪੰਜਾਬ ਵਿੱਚ ਪਰਾਲ਼ੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਵਿੱਚ ਪਰਾਲ਼ੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤਕ ਪਰਾਲ਼ੀ ਸਾੜਨ ਦੀਆਂ ਕੁੱਲ 22,981 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸੰਗਰੂਰ ਪਰਾਲ਼ੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਸੀਜ਼ਨ ਵਿੱਚ ਹੁਣ ਤਕ ਸੰਗਰੂਰ ਵਿੱਚ ਪਰਾਲ਼ੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਗਰੂਰ ਵਿੱਚ ਹੁਣ ਤੱਕ 4070 ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਵੀ ਸੰਗਰੂਰ ਵਿੱਚ ਸਭ ਤੋਂ ਵੱਧ 466 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਬਠਿੰਡਾ ਵਿੱਚ 221, ਫਰੀਦਕੋਟ ਵਿੱਚ 150, ਮਾਨਸਾ ਵਿੱਚ 131, ਪਟਿਆਲਾ ਵਿੱਚ 106, ਜਲੰਧਰ ਵਿੱਚ 90, ਤਰਨਤਾਰਨ ਵਿੱਚ 41, ਲੁਧਿਆਣਾ ਵਿੱਚ 96, ਫਿਰੋਜ਼ਪੁਰ ਵਿੱਚ 103 ਤੇ ਮੋਗਾ ਵਿੱਚ 89 ਮਾਮਲੇ ਰਿਪੋਰਟ ਕੀਤੇ ਗਏ। ਜੇਕਰ ਪਰਾਲ਼ੀ ਸਾੜਨ ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 4070 ਮਾਮਲਿਆਂ ਨਾਲ ਸੰਗਰੂਰ ਪਹਿਲੇ, 2176 ਮਾਮਲਿਆਂ ਨਾਲ ਫਿਰੋਜ਼ਪੁਰ ਦੂਜੇ ਤੇ 1888 ਮਾਮਲਿਆਂ ਨਾਲ ਤਰਨਤਾਰਨ ਤੀਜੇ ਸਥਾਨ ’ਤੇ ਹੈ।
ਇਸ ਸਾਲ ਦੇ ਕੁੱਲ 22,981 ਮਾਮਲਿਆਂ ਦੀ ਤੁਲਨਾ ਸਾਲ 2021 ਵਿੱਚ ਇਸ ਸਮੇਂ ਤਕ ਕੁੱਲ 42,330 ਤੇ ਸਾਲ 2022 ਵਿੱਚ 33,090 ਮਾਮਲੇ ਰਿਪੋਰਟ ਹੋ ਚੁੱਕੇ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ 18 ਕਿਸਾਨਾਂ ’ਤੇ ਹੀ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ 1900 ਕਿਸਾਨਾਂ ’ਤੇ 52 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਹਾਲੇ ਤਕ ਵਸੂਲੀ ਅੱਠ ਲੱਖ ਰੁਪਏ ਦੀ ਹੀ ਹੋਈ ਹੈ।
ਦੱਸ ਦੇਈਏ ਕਿ ਪਰਾਲ਼ੀ ਸਾੜਨ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਕਾਰਨ ਬੁੱਧਵਾਰ ਨੂੰ ਬਠਿੰਡਾ ਦੇ ਨਾਲ ਮੰਡੀ ਗੋਬਿੰਦਗੜ੍ਹ ਦਾ
ਏ.ਕਿਊ.ਆਈ. ਬੇਹੱਦ ਸ਼੍ਰੇਣੀ ਵਿੱਚ ਰਿਹਾ। ਬੁੱਧਵਾਰ ਨੂੰ ਬਠਿੰਡਾ ਦਾ ਏ.ਕਿਊ.ਆਈ. 348, ਮੰਡੀ ਗੋਬਿੰਦਗੜ੍ਹ ਦਾ 338. ਜਲੰਧਰ ਦਾ 266, ਖੰਨਾ ਦਾ 253, ਲੁਧਿਆਣਾ ਦਾ 292 ਤੇ ਪਟਿਆਲਾ ਦਾ 267 ਦਰਜ ਕੀਤਾ ਗਿਆ। ਲਗਾਤਾਰ ਵੱਧ ਰਹੇ ਏ.ਕਿਊ.ਆਈ. ਨਾਲ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬੀਮਾਰ ਮਰੀਜ਼ਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਰਹੀਆਂ ਹਨ।
previous post