ਨਿਊਯਾਰਕ – ਪਿਛਲੇ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ‘ਤੇ ਕਈ ਕੀਰਤੀਮਾਨ ਸਥਾਪਤ ਕਰਨ ਵਾਲੀ ਸੇਰੇਨਾ ਵਿਲੀਅਮਜ਼ ਦਾ ਯੂਐੱਸ ਓਪਨ ਵਿਚ ਸਫ਼ਰ ਤੀਜੇ ਗੇੜ ਵਿਚ ਅਜਲਾ ਟਾਮਲਜਾਨੋਵਿਕ ਹੱਥੋਂ ਮਿਲੀ ਹਾਰ ਨਾਲ ਰੁਕ ਗਿਆ। ਸੇਰੇਨਾ ਪਹਿਲਾਂ ਹੀ ਸੰਕੇਤ ਦੇ ਚੁੱਕੀ ਸੀ ਕਿ ਇਹ ਯੂਐੱਸ ਓਪਨ ਉਨ੍ਹਾਂ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ। ਇਸ ਤਰ੍ਹਾਂ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਫਲਸ਼ਿੰਗ ਮਿਡੋਜ਼ ਨੂੰ ਅਲਵਿਦਾ ਕਿਹਾ। ਸੇਰੇਨਾ ਨੂੰ ਤਿੰਨ ਘੰਟੇ ਤੋਂ ਵੀ ਵੱਧ ਸਮੇਂ ਤਕ ਚੱਲੇ ਮੈਚ ਵਿਚ ਟਾਮਲਜਾਨੋਵਿਕ ਨੇ 7-5, 6-7 (4), 6-1 ਨਾਲ ਹਰਾਇਆ। ਸੇਰੇਨਾ ਨੇ ਪੰਜ ਮੈਚ ਪੁਆਇੰਟ ਬਚਾਏ ਪਰ ਆਖ਼ਰ ਵਿਚ ਜਦ ਉਨ੍ਹਾਂ ਦਾ ਸ਼ਾਟ ਨੈੱਟ ‘ਤੇ ਲੱਗਾ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ।
ਸੇਰੇਨਾ ਪਿਛਲੇ ਢਾਈ ਦਹਾਕੇ ਤੋਂ ਟੈਨਿਸ ਕੋਰਟ ਦੀ ਮਹਾਰਾਣੀ ਰਹੀ ਹੈ ਤੇ ਉਨ੍ਹਾਂ ਨੇ ਇਸ ਦੌਰਾਨ ਉਹ ਸਭ ਉਪਲੱਬਧੀਆਂ ਹਾਸਲ ਕੀਤੀਆਂ ਜਿਨ੍ਹਾਂ ਦੀ ਇਕ ਖਿਡਾਰੀ ਉਮੀਦ ਕਰਦਾ ਹੈ। ਇਸ ਦਿੱਗਜ ਟੈਨਿਸ ਖਿਡਾਰਨ ਦਾ ਯੂਐੱਸ ਓਪਨ ਵਿਚ ਹਾਰ ਨਾਲ ਪੇਸ਼ੇਵਰ ਕਰੀਅਰ ਵੀ ਖ਼ਤਮ ਹੋ ਗਿਆ। ਸੇਰੇਨਾ 26 ਸਤੰਬਰ ਨੂੰ 41 ਸਾਲ ਦੀ ਹੋ ਜਾਵੇਗੀ ਤੇ ਹੁਣ ਉਹ ਆਪਣਾ ਪਰਿਵਾਰ ਵਧਾਉਣਾ ਚਾਹੁੰਦੀ ਹੈ ਤੇ ਵਪਾਰਕ ਕੰਮਾਂ ਵਿਚ ਧਿਆਨ ਦੇਣਾ ਚਾਹੁੰਦੀ ਹੈ। ਉਨ੍ਹਾਂ ਦੀ ਪੰਜ ਸਾਲ ਦੀ ਧੀ ਓਲੰਪੀਆ ਹੈ। ਸੇਰੇਨਾ ਡਬਲਯੂਟੀਏ ਰੈਂਕਿੰਗ ਵਿਚ ਸੈਂਕੜੇ ਹਫ਼ਤੇ ਤਕ ਸਿਖਰ ‘ਤੇ ਕਾਬਜ ਰਹੀ ਹੈ। ਇਸ ਦਿੱਗਜ ਖਿਡਾਰਨ ਨੇ ਡਬਲਯੂਟੀਏ ਟੂਰ ਵਿਚ ਆਪਣਾ ਪਹਿਲਾ ਮੈਚ 14ਵਾਂ ਜਨਮ ਦਿਨ ਮਨਾਉਣ ਤੋਂ ਇਕ ਮਹੀਨੇ ਬਾਅਦ 28 ਅਕਤੂਬਰ 1995 ਨੂੰ ਖੇਡਿਆ ਸੀ। ਉਨ੍ਹਾਂ ਨੇ ਗਰੈਂਡ ਸਲੈਮ ਪੱਧਰ ‘ਤੇ ਆਪਣਾ ਪਹਿਲਾ ਮੈਚ 16 ਸਾਲ ਦੀ ਉਮਰ ਵਿਚ ਆਸਟ੍ਰੇਲੀਆ ਓਪਨ ਵਿਚ ਜਿੱਤਿਆ ਸੀ। ਸੇਰੇਨਾ ਨੇ 17 ਸਾਲ ਦੀ ਉਮਰ ਵਿਚ ਮਾਰਟੀਨਾ ਹਿੰਗਿਸ ਨੂੰ 11 ਸਤੰਬਰ 1999 ਨੂੰ ਯੂਐੱਸ ਓਪਨ ਦੇ ਫਾਈਨਲ ਵਿਚ 6-3, 7-6 (4) ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ।
ਇਸ ਅਮਰੀਕੀ ਖਿਡਾਰਨ ਨੇ 2016 ਵਿਚ ਵਿੰਬਲਡਨ ਚੈਂਪੀਅਨ ਬਣ ਕੇ ਸਟੈਫੀ ਗਰਾਫ ਦੇ 22 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2017 ਵਿਚ ਆਸਟ੍ਰੇਲੀਅਨ ਓਪਨ ਜਿੱਤ ਕੇ ਗਰਾਫ ਨੂੰ ਪਿੱਛੇ ਛੱਡ ਦਿੱਤਾ ਸੀ। ਸੇਰੇਨਾ ਦਾ ਟੀਚਾ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨਾ ਸੀ ਪਰ ਉਹ ਇਹ ਉਪਲੱਬਧੀ ਹਾਸਲ ਨਹੀਂ ਕਰ ਸਕੀ।