ਕਾਠਮੰਡੂ – ਨੇਪਾਲ ‘ਚ ਵੀਰਵਾਰ ਤੋਂ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋ ਗਿਆ। ਦਸ ਸਾਲ ‘ਚ ਇਕ ਵਾਰ ਹੋਣ ਵਾਲੀ ਇਸ ਗਿਣਤੀ ‘ਚ ਲੋਕਾਂ ਦੀ ਗਿਣਤੀ ਦੇ ਨਾਲ ਹੀ ਉਨ੍ਹਾਂ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ। ਨੇਪਾਲ ਦੀ ਇਸ ਵਾਰ ਦੀ ਮਰਦਮਸ਼ੁਮਾਰੀ ‘ਚ ਕੁਝ ਵਿਵਾਦਤ ਗੱਲਾਂ ਵੀ ਜੁੜ ਗਈਆਂ ਹਨ। ਇਸ ਵਾਰ ਭਾਰਤੀ ਇਲਾਕੇ ਕਾਲਾਪਾਣੀ, ਲਿਪੁਲੇਖ ਤੇ ਲਿੰਪਿਆਧੁਰਾ ‘ਚ ਵੀ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਉੱਠੀ ਹੈ। ਨੇਪਾਲ ਦਾ ਕੇਂਦਰੀ ਅੰਕੜਾ ਬਿਊਰੋ ਅਭਾਸੀ ਤੌਰ ‘ਤੇ ਉੱਥੋਂ ਦੀ ਮਰਦਮਸ਼ੁਮਾਰੀ ਕਰਵਾਉਣ ਦਾ ਵਿਚਾਰ ਕਰ ਰਿਹਾ ਹੈ।
ਚੀਨ ਵੱਲ ਝੁਕਾਅ ਰੱਖਣ ਵਾਲੀ ਨੇਪਾਲ ਦੀ ਕੇਪੀ ਸ਼ਰਮਾ ਓਲੀ ਸਰਕਾਰ ਨੇ ਉੱਤਰਾਖੰਡ ਨਾਲ ਲੱਗਣ ਵਾਲੀ ਭਾਰਤੀ ਸਰਹੱਦ ਦੇ ਅੰਦਰ ਸਥਿਤ ਕਾਲਾਪਾਣੀ, ਲਿਪੁਲੇਖ ਤੇ ਲਿੰਪਿਆਧੁਰਾ ‘ਤੇ ਆਪਣਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਇਕ ਪਾਸੜ ਨੇਪਾਲ ਦਾ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਹੈ ਤੇ ਸੰਸਦ ਤੋਂ ਇਸ ਦੀ ਮਨਜ਼ੂਰੀ ਵੀ ਦਿਵਾ ਦਿੱਤੀ ਗਈ ਹੈ। ਓਲੀ ਸਰਾਕਰ ਦੀ ਇਸ ਹਰਕਤ ਨਾਲ ਨੇਪਾਲ ਤੇ ਭਾਰਤ ਸਬੰਧੀ ਸਭ ਤੋਂ ਹੇਠਲੇ ਪੱਧਰ ‘ਤੇ ਆ ਗਏ ਸਨ। ਭਾਰਤ ਨੇ ਨੇਪਾਲ ਦੀ ਇਸ ਹਰਕਤ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਚੀਨ ਦੇ ਇਸ਼ਾਰੇ ‘ਤੇ ਓਲੀ ਸਰਕਾਰ ਨੇ ਇਹ ਹਰਕ ਉਦੋਂ ਕੀਤੀ ਸੀ ਜਦੋਂ ਭਾਰਤ ਨੇ ਲਿਪੁਲੇਖ ਹੁੰਦੇ ਹੋਏ ਚੀਨ ਦੇ ਤਿੱਬਤ ਖ਼ੁਦਮੁਖ਼ਤਿਆਰ ਖੇਤਰ ‘ਚ ਜਾਣ ਵਾਲੀ ਸੜਕ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਇਹ ਸੜਕ ਕੈਲਾਸ ਮਾਨਸਰੋਵਰ ਜਾਣ ਵਾਲਿਆਂ ਲਈ ਸੀ। ਭਾਰਤ ਨੇ ਇਹ ਸੜਕ ਬਣਾਈ ਪਰ ਨੇਪਾਲ ਨੇ ਇਸ ਪੂਰੇ ਇਲਾਕੇ ਨੂੰ ਆਪਣਾ ਐਲਾਨ ਦਿੱਤਾ। ਲਿਪੁਲੇਖ ਅਜਿਹਾ ਤਿਕੋਣਾ ਭੂਖੇਤਰ ਹੈ ਜਿੱਥੇ ਭਾਰਤ, ਨੇਪਾਲ ਤੇ ਚੀਨ ਦੀਆਂ ਸਰਹੱਦਾਂ ਲੱਗਦੀਆਂ ਹਨ। ਹੁਣ ਜਦੋਂ ਇਹ ਇਲਾਕਾ ਅਧਿਕਾਰਤ ਤੌਰ ‘ਤੇ ਨੇਪਾਲ ਦੇ ਨਕਸ਼ੇ ‘ਚ ਸ਼ਾਮਿਲ ਹੋ ਗਿਆ ਹੈ, ਉਸ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਮਰਦਮਸ਼ੁਮਾਰੀ ‘ਚ ਇਨ੍ਹਾਂ ਤਿੰਨਾਂ ਭਾਰਤੀ ਇਲਾਕਿਆਂ ਦੇ ਲੋਕਾਂ ਦੀ ਗਿਣਤੀ ਕਰਨ ਲਈ ਆਵਾਜ਼ ਚੁੱਕੀ ਹੈ। ਨੇਪਾਲ ਦੇ ਕੇਂਦਰੀ ਅੰਕੜਾ ਦੀ ਬਿਊਰੋ ਦੇ ਡਾਇਰੈਕਟਰ ਨਵੀਨ ਲਾਲ ਸ਼੍ਰੇਸ਼ਠ ਨੇ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਇਲਾਕਿਆਂ ਦੀ ਮਰਦਮਸ਼ੁਮਾਰੀ ਕਰਵਾਉਣ ਲਈ ਵਿਦੇਸ਼ ਮੰਤਰਾਲੇ ਜ਼ਰੀਏ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਪਰ ਅਜੇ ਤਕ ਭਾਰਤ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਲਈ ਬਿਊਰੋ ਅਬਾਦੀ ਦਾ ਕਾਰਜ ਸੈਟੇਲਾਈਟ ਜ਼ਰੀਏ ਕਰਵਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ‘ਚ ਸੈਟੇਲਾਈਟ ਕੈਮਰੇ ਜ਼ਰੀਏ ਜ਼ਮੀਨ ‘ਤੇ ਵਸੇ ਲੋਕਾਂ ਦੀ ਗਿਣਤੀ ਦਾ ਅਨੁਮਾਨ ਲਗਾਇਆ ਜਾਵੇਗਾ। ਸ੍ਰੇਸ਼ਠ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੇ ਬਗ਼ੈਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਨੂੰ ਇਲਾਕੇ ‘ਚ ਮਰਦਮਸ਼ੁਮਾਰੀ ਲਈ ਭੇਜਣ ਤੋਂ ਇਨਕਾਰ ਕੀਤਾ ਹੈ। ਉਂਝ ਭਾਰਤ ਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ ਇਲਾਕੇ ਦੇ ਤਿੰਨ ਪਿੰਡਾਂ-ਕੁਟੀ ‘ਚ 363, ਨਾਬੀ ‘ਚ 78 ਤੇ ਗੁੰਜੀ ‘ਚ 335 ਲੋਕ ਰਹਿੰਦੇ ਹਨ।