ਕੋਲੰਬੋ – ਸ੍ਰੀਲੰਕਾ ਦੇ ਸੁਪਰੀਮ ਕੋਰਟ ਨੇ 2019 ਦੇ ਈਸਟਰ ਬੰਬ ਧਮਾਕੇ ਦੇ ਮਾਮਲੇ ’ਚ ਤਿੰਨ ਮੈਂਬਰੀ ਬੈਂਚ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਬੰਬ ਧਮਾਕੇ ’ਚ 11 ਭਾਰਤੀਆਂ ਸਮੇਤ 270 ਲੋਕ ਮਾਰੇ ਗਏ ਸਨ। ਸ੍ਰੀਲੰਕਾ ਦੀ ਪੁਲਿਸ ਨੇ ਦੱਸਿਆ ਕਿ ਪਿਛਲੇ ਮਹੀਨੇ ਇਸ ਮਾਮਲੇ ’ਚ 35 ਲੋਕਾਂ ਖ਼ਿਲਾਫ਼ 23270 ਮਾਮਲੇ ਦਰਜ ਕੀਤੇ ਗਏ ਹਨ। ਕੋਲੰਬੋ ਹਾਈ ਕੋਰਟ ਦੇ ਜੱਜ ਦਾਮਿਤ ਟੋਟਾਵਟੇ ਤਿੰਨ ਮੈਂਬਰੀ ਬੈਂਚ ਦੀ ਅਗਵਾਈ ਕਰਨਗੇ। ਇਸ ਬੈਂਚ ’ਚ ਦੋ ਹੋਰ ਜੱਜ ਅਮਲ ਰਾਣਾਰਾਜ ਤੇ ਨਵਰਤਨੇ ਮਾਰਾਸਿੰਘੇ ਹੋਣਗੇ। ਅਟਾਰਨੀ ਜਨਰਲ ਸੰਜੇ ਰਾਜਾਰਤਨਮ ਨੇ ਚੀਫ ਜਸਟਿਸ ਜੈਅੰਤ ਜੈਸੂਰਿਆ ਨੂੰ ਇਕ ਵੱਖਰੀ ਬੈਂਚ ਬਣਾਉਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਨੌਂ ਆਤਮਘਾਤੀ ਮਨੁੱਖੀ ਬੰਬਾਂ ਨੇ ਅੱਤਵਾਦੀ ਸੰਗਠਨ ਆਈਐੱਸ ਨਾਲ ਜੁੜੇ ਸਥਾਨਕ ਇਸਲਾਮਿਕ ਸੰਗਠਨ ਨੈਸ਼ਨਲ ਤਵਾਹੀਦ ਜਮਾਤ (ਐੱਨਟੀਜੇ) ਨਾਲ ਮਿਲ ਕੇ ਇਹ ਬੰਬ ਧਮਾਕੇ ਕੀਤੇ ਸਨ।