ਮੁੰਬਈ – ਸੰਜੇ ਮਲਹੋਤਰਾ ਨੇ ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਚਾਰਜ ਸੰਭਾਲ ਲਿਆ ਹੈ। ਮਲਹੋਤਰਾ ਅੱਜ ਕੇਂਦਰੀ ਬੈਂਕ ਦੇ ਹੈੱਡਕੁਆਰਟਰ ਪੁੱਜੇ ਜਿੱਥੇ ਆਰਬੀਆਈ ਦੇ ਸੀਨੀਅਰ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਬੈਂਕ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) ਉੱਤੇ ਪਾਈ ਪੋਸਟ ਰਾਹੀਂ ਮਲਹੋਤਰਾ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਮਾਲੀਆ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਲਹੋਤਰਾ ਨੇ ਅਹੁਦੇ ਦਾ ਚਾਰਜ ਲੈਣ ਲਈ ਕਈ ਦਸਤਾਵੇਜ਼ਾਂ ਉੱਤੇ ਦਸਤਖ਼ਤ ਕੀਤੇ। ਇਸ ਮੌਕੇ ਡਿਪਟੀ ਗਵਰਨਰ ਸਵਾਮੀਨਾਥਨ ਜੇ, ਐੱਮ.ਰਾਜੇਸ਼ਵਰ ਰਾਓ ਤੇ ਟੀ.ਰਵੀ ਸ਼ੰਕਰ ਵੀ ਮੌਜੂਦ ਸਨ। ਮਲਹੋਤਰਾ ਨੇ ਸ਼ਕਤੀਕਾਂਤ ਦਾਸ ਦੀ ਥਾਂ ਲਈ ਹੈ, ਜੋ ਛੇ ਸਾਲ ਇਸ ਅਹੁਦੇ ’ਤੇ ਰਹੇ।
ਨਵੇਂ ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਨੀਤੀਗਤ ਮਾਮਲਿਆਂ ਨੂੰ ਲੈ ਕੇ ਲਗਾਤਾਰਤਾ ਤੇ ਸਥਿਰਤਾ ਬਣਾ ਕੇ ਰੱਖੇਗਾ। ਉਂਝ ਉਨ੍ਹਾਂ ਮੌਜੂਦਾ ਆਲਮੀ ਮਾਲੀ ਤੇ ਸਿਆਸੀ ਮਾਹੌਲ ਦੇ ਹਵਾਲੇ ਨਾਲ ‘ਚੌਕਸ ਤੇ ਚੁਸਤ ਦਰੁਸਤ’ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ। ਆਰਬੀਆਈ ਗਵਰਨਰ ਵਜੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਮਲਹੋਤਰਾ ਨੇ ਕਿਹਾ, ‘‘ਸਾਨੂੰ ਇਸ ਤੱਥ ਤੋਂ ਸੁਚੇਤ ਰਹਿਣਾ ਹੋਵੇਗਾ ਕਿ ਅਸੀਂ ਲਗਾਤਾਰਤਾ ਤੇ ਸਥਿਰਤਾ ਬਣਾ ਕੇ ਰੱਖਣੀ ਹੈ, ਅਸੀਂ ਇਕ ਜਗ੍ਹਾ ਖੜ੍ਹੇ ਨਹੀਂ ਰਹਿ ਸਕਦੇ, ਚੁਣੌਤੀਆਂ ਨੂੰ ਪਾਰ ਪਾਉਣ ਲਈ ਸਾਨੂੰ ਚੁਸਤ ਦਰੁਸਤ ਤੇ ਚੌਕਸ ਰਹਿਣਾ ਹੋਵੇਗਾ।’’