ਸੰਭਲ ਤੋਂ ਬਾਅਦ ਹੁਣ ਦਿੱਲੀ ਦੀ ਜਾਮਾ ਮਸਜਿਦ ਦਾ ਵੀ ਸਰਵੇ ਕਰਵਾਉਣ ਦੀ ਮੰਗ ਹੋਈ ਹੈ। ਹਿੰਦੂ ਸੈਨਾ ਦੇ ਇੱਕ ਵਰਕਰ ਨੇ ਏਐਸਆਈ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਹੇਠਾਂ ਇੱਕ ਮੰਦਰ ਹੈ ਇਸ ਲਈ ਇਸ ਦਾ ਸਰਵੇ ਕਰਵਾ ਕੇ ਸਚਾਈ ਦਾ ਪਤਾ ਲਗਾਇਆ ਜਾਵੇ। ਦਸ ਦਈਏ ਕਿ ਅਜਿਹਾ ਹੀ ਮਾਮਲਾ ਸੰਭਲ ‘ਚ ਵੀ ਚੱਲ ਰਿਹਾ ਹੈ, ਜਿੱਥੇ ਕੁਝ ਦਿਨ ਪਹਿਲਾਂ ਸਰਵੇ ਨੂੰ ਲੈ ਕੇ ਸ਼ਾਹੀ ਜਾਮਾ ਮਸਜਿਦ ‘ਚ ਹਿੰਸਾ ਹੋਈ ਸੀ।
ਹਿੰਦੂ ਸੈਨਾ ਦੇ ਕੌਮੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਭਾਰਤੀ ਪੁਰਾਤੱਤਵ ਵਿਭਾਗ (ASI) ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਦਿੱਲੀ ਦੀ ਜਾਮਾ ਮਸਜਿਦ ਦੇ ਸਰਵੇਖਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ, “ਔਰੰਗਜ਼ੇਬ ਨੇ ਜੋਧਪੁਰ ਅਤੇ ਉਦੈਪੁਰ ਦੇ ਕ੍ਰਿਸ਼ਨ ਮੰਦਰਾਂ ਨੂੰ ਢਾਹ ਦਿੱਤਾ ਸੀ, ਜਿਸ ਦੇ ਅਵਸ਼ੇਸ਼ ਦਿੱਲੀ ਦੀ ਜਾਮਾ ਮਸਜਿਦ ਦੀਆਂ ਪੌੜੀਆਂ ਵਿੱਚ ਮੌਜੂਦ ਹਨ। ਇਸ ਦਾ ਸਬੂਤ ਔਰੰਗਜ਼ੇਬ ਨਾਮਾ ਵਿੱਚ ਔਰੰਗਜ਼ੇਬ ਉੱਤੇ ਸਾਕੀ ਮੁਸਤਾਕ ਖਾਨ ਦੁਆਰਾ ਲਿਖੀ ਕਿਤਾਬ ‘ਮਸੀਰ-ਏ-ਆਲਮਗਿਰੀ’ ਵਿੱਚ ਹੈ।
ਵਿਸ਼ਨੂੰ ਗੁਪਤਾ ਨੇ ਏ.ਐੱਸ.ਆਈ. ਦੇ ਡਾਇਰੈਕਟਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ, “ਕਿਤਾਬ ਅਨੁਸਾਰ 24-25 ਮਈ, 1689 ਨੂੰ ਖਾਨ ਜਹਾਨ ਬਹਾਦਰ ਮੰਦਰਾਂ ਨੂੰ ਢਾਹ ਕੇ ਜੋਧਪੁਰ ਤੋਂ ਵਾਪਸ ਪਰਤਿਆ ਸੀ। ਔਰੰਗਜ਼ੇਬ ਦੀ ਜੀਵਨੀ ਵਿੱਚ ਲਿਖਿਆ ਹੈ ਕਿ ਖਾਨ ਜਹਾਨ ਬਹਾਦਰ ਨੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਸੀ। ਜਦੋਂ ਮੂਰਤੀਆਂ ਨੂੰ ਲੁੱਟਿਆ ਗਿਆ ਅਤੇ ਤੋੜਿਆ ਗਿਆ ਤਾਂ ਬਾਦਸ਼ਾਹ ਬਹੁਤ ਖੁਸ਼ ਹੋਇਆ, ਜਿਸ ਤੋਂ ਬਾਅਦ ਟੁੱਟੀਆਂ ਮੂਰਤੀ ਬੈਲ ਗੱਡੀਆਂ ਰਾਹੀਂ ਦਿੱਲੀ ਭੇਜੀਆਂ ਗਈਆਂ ਸਨ।”