ਨਵੀਂ ਦਿੱਲੀ – ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਜੋ ਅੱਠ ਅਪ੍ਰੈਲ ਤਕ ਚੱਲੇਗਾ। ਇਸ ਵਿਚ ਵਿਰੋਧੀ ਧਿਰ ਵਧਦੀ ਮਹਿੰਗਾਈ, ਬੇਰੁਜ਼ਗਾਰੀ, ਈਪੀਐੱਫ ’ਤੇ ਵਿਆਜ ਦਰਾਂ ’ਚ ਕਮੀ ਤੇ ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੇ ਫਸਣ ਸਮੇਤ ਵੱਖਵ-ਵੱਖ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਲਈ ਤਿਆਰ ਹੈ। ਉਧਰ ਸਰਕਾਰ ਦੇ ਏਜੰਡੇ ’ਚ ਸਭ ਤੋਂ ਉਪਰ ਬਜਟ ਤਜਵੀਜ਼ਾਂ ਨੂੰ ਸੰਸਦ ਦੀ ਮਨਜ਼ੂਰੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਬਜਟ ਪੇਸ਼ ਕਰਨਾ ਹੈ। ਵਿੱਤ ਮੰਤਰੀ ਨਿਰਮਾਲ ਸੀਤਾਰਮਨ ਸੋਮਵਾਰ ਨੂੰ ਹੀ ਜੰਮੂ-ਕਸ਼ਮੀਰ ਲਈ ਬਜਟ ਪੇਸ਼ ਕਰਨਗੇ। ਸਦਨ ’ਚ ਇਸ ’ਤੇ ਦੁਪਹਿਰ ਦੇ ਖਾਣੇ ਪਿੱਛੋਂ ਚਰਚਾ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (ਸੋਧ) ਬਿੱਲ ਨੂੰ ਵੀ ਲੋਕ ਸਭਾ ’ਚ ਵਿਚਾਰ ਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ। 29 ਜਨਵਰੀ ਤੋਂ 11 ਫਰਵਰੀ ਤਕ ਬਜਟ ਇਜਲਾਸ ਦੇ ਪਹਿਲੇ ਪੜਾਅ ’ਚ ਦੋ ਵੱਖ-ਵੱਖ ਪਾਲਿਆਂ ’ਚ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸੰਚਾਲਤ ਕੀਤੀ ਗਈ ਸੀ। ਇਸ ਵਾਰ ਕੋਵਿਡ ਦੇ ਹਾਲਾਤ ’ਚ ਕਾਫ਼ੀ ਸੁਧਾਰ ਆਉਣ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਤੋਂ ਨਾਲ-ਨਾਲ ਚੱਲੇਗੀ। ਬਜਟ ਇਜਲਾਸ ਦਾ ਦੂਜਾ ਪੜਾਅ ਅਜਿਹੇ ਵੇਲੇ ਆਰੰਭ ਹੋ ਰਿਹਾ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਤੇ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕੀਤੀ ਹੈ।
ਬਜਟ ਇਜਲਾਸ ਦਾ ਪਹਿਲਾ ਪੜਾਅ ਸੰਸਦ ਦੇ ਕੇਂਦਰੀ ਹਾਲ’ਚ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਇਜਲਾਸ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਨਾਲ 29 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ ਸੀ।
ਬਜਟ ਇਜਲਾਸ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਕੋਠੀ ’ਚ ਕਾਂਗਰਸ ਸੰਸਦੀ ਰਣਨੀਤੀ ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਪਿੱਛੋਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿੱਕਾਰਜੁਨ ਖੜਗੇ ਨੇ ਦੱਸਿਆ ਕਿ ਅਸੀਂ ਬਜਟ ਇਜਲਾਸ ’ਚ ਚੁੱਕੇ ਜਾਣ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ। ਅਸੀਂ ਇਜਲਾਸ ਦੌਰਾਨ ਲੋਕ ਹਿੱਤ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਉਠਾਉਣ ਲਈ ਇਕ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਨਿਕਾਸੀ, ਮਹਿੰਗਾਈ, ਬੇਰੁਜ਼ਗਾਰੀ, ਕਾਮਿਆਂ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਆਦਿ ਉਨ੍ਹਾਂ ਮੁੱਦਿਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਇਜਲਾਸ ’ਚ ਉਠਾਇਆ ਜਾਵੇਗਾ। ਯੂਕਰੇਨ ’ਚ ਫਸੇ ਭਾਰਤੀਆਂ ਦੀ ਨਿਕਾਸੀ ’ਤੇ ਵਿਰੋਧੀ ਧਿਰ ਵੱਲੋਂ ਸਰਕਾਰ ਤੋਂ ਬਿਆਨ ਦੀ ਮੰਗ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਸੰਸਦੀ ਰਣਨੀਤੀ ਸਮੂਹ ਦੀ ਮੀਟਿੰਗ ’ਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੀਨੀਅਰ ਆਗੂ ਏਕੇ ਐਂਟਨੀ ਤੇ ਲੋਕ ਸਭਾ ’ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਨਹੀਂ ਸਨ। ਡਾ. ਮਨਮੋਹਨ ਸਿੰਘ ਖ਼ਰਾਬ ਸਿਹਤ ਕਾਰਨ ਸ਼ਾਮਲ ਨਹੀਂ ਹੋ ਸਕੇ।