ਵਿਆਨਾ – ਆਸਟਰੀਆ ਵਿੱਚ ਸੱਜੇ ਪੱਖੀ ‘ਫ੍ਰੀਡਮ ਪਾਰਟੀ’ ਨੇ ਦੇਸ਼ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੱਜੇ ਪੱਖੀ ਪਾਰਟੀ ਨੇ ਦੇਸ਼ ਦੀਆਂ ਚੋਣਾਂ ਜਿੱਤੀਆਂ ਹਨ। ਚੋਣਾਂ ਵਿਚ ਇਮੀਗ੍ਰੇਸ਼ਨ, ਮਹਿੰਗਾਈ, ਯੂਕ੍ਰੇਨ ਅਤੇ ਹੋਰ ਮੁੱਦੇ ਛਾਏ ਰਹੇ। ‘ਫ੍ਰੀਡਮ ਪਾਰਟੀ’ ਨੇ ਇਨ੍ਹਾਂ ਮੁੱਦਿਆਂ ‘ਤੇ ਸੱਤਾਧਾਰੀ ਰੂੜ੍ਹੀਵਾਦੀਆਂ ‘ਤੇ ਬੜਤ ਬਣਾਈ। ਹਾਲਾਂਕਿ ਇਸ ਦੇ ਸ਼ਾਸਨ ਕਰਨ ਦੀਆਂ ਸੰਭਾਵਨਾਵਾਂ ਅਸਪਸ਼ਟ ਹਨ। ਰਾਸ਼ਟਰੀ ਪ੍ਰਸਾਰਕ ਓ.ਆਰ.ਐਫ ਨੇ ਦੱਸਿਆ ਕਿ ਚੋਣ ਦੇ ਸ਼ੁਰੂਆਤੀ ਅਧਿਕਾਰਤ ਨਤੀਜਿਆਂ ਅਨੁਸਾਰ,ਬਹੁਤ ਨਜ਼ਦੀਕੀ ਦੌੜ ਵਿੱਚ,ਫਰੀਡਮ ਪਾਰਟੀ 29.2 ਪ੍ਰਤੀਸ਼ਤ ਵੋਟਾਂ ਨਾਲ ਪਹਿਲੇ ਸਥਾਨ ‘ਤੇ ਆਈ, ਜਦੋਂ ਕਿ ਚਾਂਸਲਰ ਕਾਰਲ ਨੇਹਮਰ ਦੀ ਆਸਟ੍ਰੀਆ ਪੀਪਲਜ਼ ਪਾਰਟੀ 26.5 ਪ੍ਰਤੀਸ਼ਤ ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੀ। ਮੱਧਵਾਦੀ ਖੱਬੇਪੱਖੀ ਵਿਚਾਰਧਾਰਾ ਵਾਲੇ ‘ਸੋਸ਼ਲ ਡੈਮੋਕ੍ਰੇਟਸ’ 21 ਫੀਸਦੀ ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ। ਚੋਣ ਨਤੀਜਿਆਂ ਅਨੁਸਾਰ ਬਾਹਰ ਜਾਣ ਵਾਲੀ ਸਰਕਾਰ (ਨੇਹਮੇਰ ਦੀ ਪਾਰਟੀ ਅਤੇ ਵਾਤਾਵਰਣਵਾਦੀ ‘ਗ੍ਰੀਨਜ਼’ ਦਾ ਗੱਠਜੋੜ) ਹੇਠਲੇ ਸਦਨ ਵਿੱਚ ਆਪਣਾ ਬਹੁਮਤ ਗੁਆ ਚੁੱਕੀ ਹੈ। ਸਾਬਕਾ ਗ੍ਰਹਿ ਮੰਤਰੀ ਅਤੇ ਲੰਬੇ ਸਮੇਂ ਤੋਂ ਚੋਣ ਮੁਹਿੰਮ ਦੇ ਰਣਨੀਤੀਕਾਰ ਹਰਬਰਟ ਕਿਕਲ 2021 ਤੋਂ ‘ਫ੍ਰੀਡਮ ਪਾਰਟੀ’ ਦੀ ਅਗਵਾਈ ਕਰ ਰਹੇ ਹਨ। ਕਿੱਕਲ ਦੇਸ਼ ਦਾ ਚਾਂਸਲਰ ਬਣਨਾ ਚਾਹੁੰਦਾ ਹੈ, ਪਰ ਆਸਟਰੀਆ ਦਾ ਨਵਾਂ ਨੇਤਾ ਬਣਨ ਲਈ ਉਸ ਨੂੰ ਸੰਸਦੀ ਬਹੁਮਤ ਹਾਸਲ ਕਰਨ ਲਈ ਗੱਠਜੋੜ ਦੇ ਸਾਥੀ ਦੀ ਲੋੜ ਪਵੇਗੀ। ਹਾਲਾਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਵਿੱਚ ਕਿਕਲ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹਨ।