ਨਵੀਂ ਦਿੱਲੀ – ਕੌਮਾਂਤਰੀ ਸਰਹੱਦ ਤੋਂ ਭਾਰਤੀ ਖੇਤਰ ਤੋਂ 50 ਕਿਲੋਮੀਟਰ ਦੇ ਅੰਦਰ ਤਕ ਦੇ ਖੇਤਰ ’ਚ ਤਲਾਸ਼ੀ, ਸ਼ੱਕੀਆਂ ਦੀ ਗ੍ਰਿਫ਼ਤਾਰੀ ਤੇ ਜ਼ਬਤੀ ਲਈ ਦਿੱਤੀਆਂ ਗਈਆਂ ਵਾਧੂ ਸ਼ਕਤੀਆਂ ਦਾ ਜ਼ਿਕਰ ਕਰਦੇ ਹੋਏ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਵੀਰਵਾਰ ਨੂੰ ਕਿਹਾ ਕਿ ਉਹ ਹਮੇਸ਼ਾ ਸੂਬਾ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ। ਬਲ ਨੇ ਕਿਹਾ ਕਿ ਮੁਹਿੰਮ ਵਾਲੇ ਇਲਾਕਿਆਂ ਵਿਚ ਇਕਰੂਪਤਾ ਸਥਾਪਤ ਕਰਨ ਲਈ ਇਹ ਸੋਧਾਂ ਕੀਤੀਆਂ ਗਈਆਂ ਹਨ। ਬੀਐੱਸਐੱਫ ਦੇ ਡੀਜੀਪੀ (ਆਈਜੀ ਆਪ੍ਰੇਸ਼ਨ) ਸੋਲੋਮਨ ਮਿੰਜ ਨੇ ਕਿਹਾ ਕਿ ਸੀਆਰਪੀਸੀ ਅਤੇ ਪਾਸਪੋਰਟ ਐਕਟ ਤਹਿਤ ਬੀਐੱਸਐੱਫ ਦੀਆਂ ਸ਼ਕਤੀਆਂ ਹੁਣ ਇਕ ਨਵੇਂ ਪਰਿਚਾਲਨ ਖੇਤਰ ਤਕ ਵਧਾ ਦਿੱਤੀਆਂ ਜਾਣਗੀਆਂ। ਸੀਮਾ ਸੁਰੱਖਿਆ, ਅੰਦਰੂਨੀ ਸੁਰੱਖਿਆ ਦਾ ਹੀ ਇਕ ਹਿੱਸਾ ਹੈ ਅਤੇ ਉਹ ਇਸ ਨੂੰ ਲੈ ਕੇ ਸੰਵੇਦਨਸ਼ੀਲ ਹਨ। ਪਰਿਚਾਲਨ ਖੇਤਰਾਂ ਦਾ ਵਿਸਥਾਰ ਕਰਨ ਦੇ ਪਿੱਛੇ ਸਾਰੇ ਤਰ੍ਹਾਂ ਦੇ ਸੀਮਾ ਪਾਰ ਦੇ ਅਪਰਾਧਾਂ ’ਤੇ ਰੋਕ ਲਗਾਉਣੀ ਹੈ। ਮਿੰਜ ਨੇ ਕਿਹਾ ਕਿ ਸੋਧ 11 ਅਕਤੂਬਰ ਨੂੰ ਉਸ ਖੇਤਰ ਨੂੰ ਪਰਿਭਾਸ਼ਿਤ ਕਰਨ ਵਿਚ ਇਕਪੂਰਤਾ ਸਥਾਪਤ ਕਰਨ ਲਈ ਕੀਤੀ ਗਈ ਹੈ ਜਿਸ ਦੇ ਅੰਦਰ ਬਲ ਆਪਣੇ ਫ਼ਰਜ਼ਾਂ ਦੇ ਚਾਰਟਰ ਅਨੁਸਾਰ ਕੰਮ ਕਰ ਸਕਦਾ ਹੈ ਅਤੇ ਤਾਇਨਾਤੀ ਦੇ ਖੇਤਰਾਂ ਵਿਚ ਆਪਣੀ ਭੂਮਿਕਾ ਅਤੇ ਸਰਹੱਦੀ ਸੁਰੱਖਿਆ ਦੇ ਕੰਮ ਨੂੰ ਕਰ ਸਕਦਾ ਹੈ। ਬੀਐੱਸਐੱਫ ਦੇ ਆਈਜੀ ਨੇ ਕਿਹਾ ਕਿ ਇਹ ਵਿਵਸਥਾ ਸਰਹੱਦੀ ਸੂਬਿਆਂ ਗੁਜਰਾਤ, ਰਾਜਸਥਾਨ, ਪੰਜਾਬ, ਬੰਗਾਲ ਤੇ ਅਸਾਮ ਵਿਚ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਦੇ ਅੰਦਰ ਤਕ ਅਪਰਾਧ ਰੋਕਣ ਵਿਚ ਅਸੀਂ ਲੋਕਾਂ ਨੂੰ ਹੋਰ ਸਮਰੱਥ ਬਣਾਏਗੀ। ਇਸ ਤੋਂ ਪਹਿਲਾਂ ਗੁਜਰਾਤ ਦੇ ਮਾਮਲੇ ਵਿਚ ਇਹ ਸੀਮਾ 80 ਕਿਲੋਮੀਟਰ ਅਤੇ ਪੰਜਾਬ, ਬੰਗਾਲ ਅਤੇ ਅਸਾਮ ਦੇ ਮਾਮਲੇ ’ਚ 15 ਕਿਲੋਮੀਟਰ ਤੈਅ ਕੀਤੀ ਗਈ ਸੀ।
ਮਿੰਜ ਨੇ ਕਿਹਾ ਕਿ ਅਸੀਂ ਹਮੇਸ਼ਾ ਸੂਬਾ ਪੁਲਿਸ ਨਾਲ ਤਾਲਮੇਲ ਵਿਚ ਕੰਮ ਕਰਦੇ ਹਾਂ। ਸੂਬਾ ਪੁਲਿਸ ਨਾਲ ਸਾਡੀਆਂ ਮਾਸਿਕ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਸੀਮਾ ਸੁਰੱਖਿਆ ਅਤੇ ਬਿਹਤਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਕੋਲ ਸੀਮਾ ਸੁਰੱਖਿਆ ਗਰਿੱਡ ਦੀ ਇਕ ਪ੍ਰਣਾਲੀ ਹੈ।