ਨਡਾਲਾ – ਅੱਜ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਹਲਕਾ ਭੁਲੱਥ ਦੇ 4000 ਤੋਂ ਜਿਆਦਾ ਦਿਹਾੜੀਦਾਰਾਂ, ਬੇਜ਼ਮੀਨੇ ਅਤੇ ਛੋਟੇ ਦੁਕਾਨਦਾਰਾਂ ਦੇ ਕਰਜੇ ਮਾਫ਼ ਕੀਤੇ ਗਏ ਹਨ ਅਤੇ ਜਲਦ ਹੀ ਇਹ ਰਾਸ਼ੀ ਲੋੜਵੰਦਾਂ ਤੱਕ ਪਹੁੰਚ ਜਾਵੇਗੀ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜਾ ਮਾਫੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਸਮੁੱਚੇ ਪੰਜਾਬ ਦੇ 285000 ਦਿਹਾੜੀਦਾਰਾਂ, ਬੇਜ਼ਮੀਨੇ ਅਤੇ ਛੋਟੇ ਦੁਕਾਨਦਾਰਾਂ ਦੇ ਕੌਪ੍ਰੇਟਿਵ ਸੁਸਾਇਟੀਆਂ ਤੋਂ ਲਏ ਗਏ 590 ਕਰੋੜ ਰੁਪਏ ਦੇ ਕਰਜੇ ਮਾਫ਼ ਕੀਤੇ ਗਏ ਹਨ। ਖਹਿਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 5.64 ਲੱਖ ਕਿਸਾਨਾਂ ਦੇ 4600 ਕਰੋੜ ਰੁਪਏ ਤੋਂ ਜਿਆਦਾ ਦੇ ਕਰਜੇ ਮਾਫ਼ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਖਹਿਰਾ ਨੇ ਦੱਸਿਆ ਕਿ ਐਸ.ਸੀ ਅਤੇ ਬੀ.ਸੀ ਕੈਟਾਗਰੀ ਦੇ 7600 ਤੋਂ ਜਿਆਦਾ ਲਾਭਪਾਤਰੀਆਂ ਦੇ 80 ਕਰੋੜ ਰੁਪਏ ਦੇ ਲਗਪਗ ਕਰਜੇ ਮਾਫ਼ ਕੀਤੇ ਜਾ ਚੁੱਕੇ ਹਨ।
ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਰਬ ਪੱਖੀ ਵਿਕਾਸ ਲਈ ਵਚਨ ਬੱਧ ਹੈ। ਖਹਿਰਾ ਨੇ ਦੱਸਿਆ ਕਿ ਹਲਕਾ ਭੁਲੱਥ ਵਿੱਚ ਧੁੱਸੀ ਬੰਨ ਉੱਪਰ ਸ਼੍ਰੀ ਹਰਗੋਬਿੰਦਪੁਰ ਤੋਂ ਢਿਲਵਾਂ ਤੱਕ 30 ਕਿਲੋਮੀਟਰ ਤਕ ਨਵੀਆਂ ਸੜਕਾਂ, ਨੋਜਵਾਨਾਂ ਲਈ ਜਿਮ ਮਸ਼ੀਨਾਂ ਅਤੇ ਹੋਰ ਖੇਡਾਂ ਦਾ ਸਮਾਨ, ਸਕੂਲਾਂ ਨੂੰ ਗਰਾਂਟਾਂ, ਸਕੂਲ ਅਪਗ੍ਰੇਡ ਕੀਤੇ ਜਾ ਰਹੇ ਹਨ। ਪਿੰਡਾਂ ਲਈ ਕਰੋੜਾਂ ਰੁਪਏ ਗਰਾਂਟ ਦਿੱਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਹਲਕਾ ਭੁਲੱਥ ਦੇ ਵਿਕਾਸ ਲਈ ਵਚਨ ਬੱਧ ਹਨ ਅਤੇ ਹਲਕੇ ਦੇ ਵਿਕਾਸ ਵਾਸਤੇ ਕੋਈ ਕਸਰ ਨਹੀਂ ਛੱਡੀ ਜਾਵੇਗੀ।