ਲਾਂਬੜਾ – ਲਾਂਬੜਾ ਦੇ ਕਾਂਗਰਸੀ ਵਰਕਰ ਧਰਮਵੀਰ ਧੰਮਾ ਦੀ ਮੰਗਲਵਾਰ ਸਵੇਰੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ ਧੰਮਾ ਨੇ ਸੋਮਵਾਰ ਸਵੇਰੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਨਿਗਲ ਲਿਆ ਸੀ। ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਲਈ ਜ਼ਹਿਰ ਪੀਣ ਤੋਂ ਪਹਿਲਾਂ ਉਸ ਨੇ ਹਲਕੇ ਦੇ ਵੱਡੇ ਸਿਆਸੀ ਆਗੂ, ਸੀਏ ਸਟਾਫ ਜਲੰਧਰ ਦੇ ਮੁਲਾਜ਼ਮ ਸਮੇਤ ਕਈ ਕਾਂਗਰਸੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਉਸ ਦੀ ਹਾਲਤ ਗੰਭੀਰ ਸੀ ਤੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਫੇਸਬੁੱਕ ’ਤੇ ਲਾਈਵ ਹੋ ਕੇ ਧਰਮਵੀਰ ਧੰਮਾ ਨੇ ਕਿਹਾ ਸੀ ਕਿ ਉਹ ਲੰਬੇ ਅਰਸੇ ਤੋਂ ਲਾਂਬੜਾ ’ਚ ਇਕ ਗਊਸ਼ਾਲਾ ਚਲਾ ਰਿਹਾ ਹੈ ਤੇ ਉਸ ਨੇ ਗਊਸ਼ਾਲਾ ਦੇ ਨਾਲ ਹੀ ਸ਼੍ਰੀ ਹਨੂੰਮਾਨ ਮੰਦਰ ਦੀ ਉਸਾਰੀ ਵੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਹਲਕੇ ਦਾ ਸਿਆਸੀ ਆਗੂ, ਸੀਆਈਏ ਸਟਾਫ ਜਲੰਧਰ ਦਾ ਮੁਲਾਜ਼ਮ ਅਤੇ ਲਾਂਬੜਾ ਦੇ ਇਕ ਕਾਂਗਰਸੀ ਆਗੂ ਦੇ ਦੋ ਹੋਰਨਆਂ ਵੱਲੋਂ ਉਸ ਨੂੰ ਲੰਬੇ ਅਰਸੇ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਉਸ ਨੂੰ ਗਊਸ਼ਾਲਾ ਅਤੇ ਹਨੂੰਮਾਨ ਮੰਦਰ ਨੂੰ ਬੰਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਇਨ੍ਹਾਂ ਤੋਂ ਤੰਗ ਆ ਕੇ ਹੀ ਉਹ ਜ਼ਹਿਰ ਪੀ ਕੇ ਆਤਮਹੱਤਿਆ ਕਰ ਰਿਹਾ ਹੈ। ਧਰਮਵੀਰ ਧੰਮਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ।