India

ਹਵਾ ਪ੍ਰਦੂਸ਼ਣ ਹਾਈਪਰ ਟੈਂਸ਼ਨ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦਿਲ ਨੂੰ ਵੀ ਕਰ ਸਕਦਾ ਹੈ ਕਮਜ਼ੋਰ

ਨਵੀਂ ਦਿੱਲੀ – ਹਵਾ ਪ੍ਰਦੂਸ਼ਣ ਹਾਈਪਰ ਟੈਂਸ਼ਨ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦਿਲ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ ’ਚ ਖੋਜਕਾਰਾਂ ਨੇ ਪਾਇਆ ਕਿ ਕਿਡਨੀ ਦੀ ਗੰਭੀਰ ਬਿਮਾਰੀ (ਸੀਕੇਡੀ) ਨਾਲ ਹਾਈਪਰ ਟੈਂਸ਼ਨ ਤੋਂ ਪੀੜਤ ਬਾਲਗਾਂ ’ਚ ਹਵਾ ਪ੍ਰਦੂਸ਼ਣ ਕਾਰਨ ਗਲੇਸਿਟੀਨ-3 ਦਾ ਪੱਧਰ ਵੱਧ ਜਾਂਦਾ ਹੈ। ਇਹ ਦਿਲ ਦੇ ਅੰਦਰ ਨਿਸ਼ਾਨ ਬਣਨ ਦਾ ਸੰਕੇਤ ਹੈ। ਅਧਿਐਨ ਦੇ ਨਤੀਜੇ ਅਮਰੀਕਨ ਸੁਸਾਇਟੀ ਆਫ ਨੇਫ੍ਰੋਲਾਜੀ (ਏਐੱਸਐੱਨ) ਕਿਡਨੀ ਵੀਕ-2021 ’ਚ ਵੀਰਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਹੋਏ। ਅਮਰੀਕਾ ਸਥਿਤ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਨਾਲ ਸਬੰਧਤ ਤੇ ਅਧਿਐਨ ਦੇ ਮੁੱਖ ਲੇਖਕ ਹਫਸਾ ਤਾਰਿਕ ਮੁਤਾਬਕ, ‘ਹਵਾ ਪ੍ਰਦੂਸ਼ਣ ਦਾ ਸਿੱਧਾ ਸਬੰਧ ਲੋਕਾਂ ’ਚ ਸੀਕੇਡੀ ਨਾਲ ਮਾਇਓਕਾਰਡੀਅਲ ਫਾਇਬ੍ਰੋਸਿਸ ਨਾਲ ਹੈ।’ ਮਾਇਓਕਾਰਡੀਅਲ ਫਾਇਬ੍ਰੋਸਿਸ ਉਦੋਂ ਹੁੰਦੀ ਹੈ ਜਦੋਂ ਦਿਲ ਦੀ ਫਾਇਬ੍ਰੋਬਲਾਸਟ ਨਾਮਕ ਕੋਸ਼ਿਕਾ ਕੋਲੇਜੇਨੇਸ ਸਕਾਰ ਟਿਸ਼ੂ ਪੈਦਾ ਕਰਨ ਲੱਗਦੀ ਹੈ। ਇਸ ਨਾਲ ਦਿਲ ਦੀ ਰਫ਼ਤਾਰ ਰੁਕਣ ਦੇ ਨਾਲ-ਨਾਲ ਮੌਤ ਹੋਣ ਦਾ ਵੀ ਖ਼ਦਸ਼ਾ ਰਹਿੰਦਾ ਹੈ। ਤਾਰਿਕ ਨੇ ਕਿਹਾ ਕਿ ‘ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਲਾਭ ਸੀਕੇਡੀ ਪੀੜਤਾਂ ਨੂੰ ਹੋਵੇਗਾ ਕਿਉਂਕਿ ਉਨ੍ਹਾਂ ’ਚ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੋ ਜਾਵੇਗਾ।’ ਸਿਸਟੋਲਿਕ ਬਲੱਡ ਪ੍ਰੈਸ਼ਰ ਇੰਟਰਵੈਂਸ਼ਨ ਟ੍ਰਾਇਲ ਨਾਮਕ ਅਧਿਐਨ ’ਚ ਪਾਰਟੀਕੁਲੇਟ ਮੈਟਰ (ਪੀਐੱਮ 2.5) ਨੂੰ ਸੈਟੇਲਾਈਟ ਦੀ ਮਦਦ ਨਾਲ ਤੈਅ ਕੀਤਾ ਗਿਆ ਤੇ ਉਸ ਨੂੰ ਅਧਿਐਨ ’ਚ ਸ਼ਾਮਲ ਲੋਕਾਂ ਨਾਲ ਜੋੜਿਆ ਗਿਆ। ਗਲੇਸਿਟੀਨ-3 ਪੱਧਰ ਵਾਲੇ 1019 ਲੋਕਾਂ ’ਤੇ ਦੋ ਸਾਲ ਤਕ ਚੱਲੇ ਅਧਿਐਨ ’ਚ ਖੋਜਕਰਤਾਵਾਂ ਨੇ ਉਮਰ, ਲਿੰਗ ਤੇ ਬਾਡੀ ਮਾਸਕ ਇੰਡੈਕਸ (ਬੀਐੱਮਆਈ) ਆਦਿ ਪਹਿਲੂਆਂ ’ਤੇ ਗ਼ੌਰ ਕਰਦੇ ਹੋਏ ਹਵਾ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਸਿਹਤ ’ਚ ਆਉਣ ਵਾਲੇ ਬਦਲਾਵਾਂ ਦੇ ਸਬੰਧ ’ਚ ਸਿੱਟਾ ਕੱਢਿਆ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin