ਨਵੀਂ ਦਿੱਲੀ – ਮੁੱਖ ਜਸਟਿਸ ਐੱਨਵੀ ਰਮਨਾ ਦੀ ਅਗਵਾਈ ‘ਚ ਸੁਪਰੀਮ ਕੋਰਟ ਕੋਲੇਜੀਅਮ ਨੇ ਇਕ ਫ਼ੈਸਲਾ ਲੈਂਦੇ ਹੋਏ 12 ਹਾਈ ਕੋਰਟਾਂ ਲਈ ਜੱਜਾਂ ਦੇ ਰੂਪ ‘ਚ ਨਿਯੁਕਤੀ ਲਈ 68 ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਇਲਾਹਾਬਾਦ, ਰਾਜਸਥਾਨ ਤੇ ਕਲਕੱਤਾ ਹਾਈ ਕੋਰਟ ਜੱਜਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਤਿੰਨ ਮੈਂਬਰੀ ਕੋਲੇਜੀਅਮ ‘ਚ ਪ੍ਰਧਾਨ ਜਸਟਿਸ ਤੋਂ ਇਲਾਵਾ ਜਸਟਿਸ ਯੂਯੂ ਲਲਿਤ ਤੇ ਜਸਟਿਸ ਏਐੱਮ ਖਾਨਵਿਲਕਰ ਵੀ ਸ਼ਾਮਲ ਹਨ। ਮਾਰਲੀ ਵਾਨਕੁੰਗ ਮਿਜ਼ੋਰਮ ਦੀ ਪਹਿਲੀ ਮਹਿਲਾ ਨਿਆਇਕ ਅਧਿਕਾਰੀ ਹੈ ਜਿਸ ਦੀ ਸਿਫਾਰਿਸ਼ ਕੋਲੇਜੀਅਮ ਨੇ ਗੁਹਾਟੀ ਹਾਈ ਕੋਰਟ ‘ਚ ਜੱਜ ਦੇ ਰੂਪ ‘ਚ ਕੀਤੀ ਹੈ। ਇਸ ਤੋਂ ਇਲਾਵਾ 9 ਹੋਰ ਮਹਿਲਾ ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਵੱਖ-ਵੱਖ ਹਾਈ ਕੋਰਟਾਂ ਲਈ ਕੀਤੀ ਗਈ ਹੈ। 25 ਅਗਸਤ ਤੇ ਇਕ ਸਤੰਬਰ ਨੂੰ ਹੋਈਆਂ ਕੋਲੇਜੀਅਮ ਦੀਆਂ ਬੈਠਕਾਂ ‘ਚ ਜੱਜਾਂ ਦੀ ਨਿਯੁਕਤੀਆਂ ਲਈ 112 ਨਾਵਾਂ ‘ਤੇ ਵਿਚਾਰ ਕੀਤਾ ਗਿਆ ਸੀ। ਸਿਫਾਰਿਸ਼ ਕੀਤੇ ਗਏ 68 ਨਾਵਾਂ ‘ਚੋਂ 44 ਬਾਰ ਤੇ 24 ਨਿਆਇਕ ਸੇਵਾ ‘ਚੋਂ ਹਨ। ਇਸ ਤੋਂ ਇਲਾਵਾ ਇਲਾਹਾਬਾਦ ਹਾਈ ਕੋਰਟ ਲਈ 16 ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ‘ਚੋਂ ਤਿੰਨ ਨਿਆਇਕ ਅਧਿਕਾਰੀ ਤੇ 13 ਵਕੀਲ ਹਨ। ਇਲਾਹਾਬਾਦ ਹਾਈ ਕੋਰਟ ‘ਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 160 ਹੈ ਤੇ ਮੌਜੂਦਾ ਸਮੇਂ ‘ਚ ਇਥੇ ਸਿਰਫ 93 ਜੱਜ ਕੰਮ ਕਰ ਰਹੇ ਹਨ।