ਲੋਦ – ਇਜ਼ਰਾਈਲ ਦੀ ਇਕ ਰੱਖਿਆ ਕੰਪਨੀ ਨੇ ਅਜਿਹੇ ਹੀ ਰੋਬੋਟ ਦਾ ਵਿਕਾਸ ਕੀਤਾ ਹੈ ਜੋ ਜੰਗ ਵਾਲੇ ਇਲਾਕੇ ’ਚ ਗਸ਼ਤ ਕਰ ਸਕਦਾ ਹੈ, ਘੁਸਪੈਠ ਨੂੂੰ ਰੋਕ ਸਕਦਾ ਹੈ ਤੇ ਗੋਲੀਆਂ ਵੀ ਵਰ੍ਹਾ ਸਕਦਾ ਹੈ। ਇਹ ਮਨੁੱਖ ਰਹਿਤ ਵਾਹਨ ਡ੍ਰੋਨ ਤਕਨੀਕ ਦਾ ਹਾਲੀਆ ਮਾਡਲ ਹੈ, ਜੋ ਆਧੁਨਿਕ ਜੰਗ ਖੇਤਰ ਨੂੰ ਤੇਜ਼ੀ ਨਾਲ ਨਵਾਂ ਆਕਾਰ ਦੇ ਰਿਹਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਰੋਬੋਟ ਫ਼ੌਜਾਂ ਨੂ ਉਨ੍ਹਾਂ ਦੇ ਫ਼ੌਜੀਆਂ ਦੀ ਰੱਖਿਆ ’ਚ ਸਮਰੱਥ ਬਣਾਉਂਦੀ ਹੈ, ਜਦੋਂਕਿ ਆਲੋਚਕਾਂ ਨੂੰ ਡਰ ਹੈ ਕਿ ਇਹ ਇਕ ਖ਼ਤਰਨਾਕ ਕਦਮ ਸਾਬਤ ਹੋ ਸਕਦਾ ਹੈ, ਕਿਉਂਕਿ ਜ਼ਿੰਦਗੀ ਤੇ ਮੌਤ ਦਾ ਫ਼ੈਸਲਾ ਰੋਬੋਟ ਕਰਨਗੇ। ਸੋਮਵਾਰ ਨੂੰ ਜਨਤਕ ਕੀਤੇ ਗਏ ਚਾਰ ਪਹੀਆਂ ਦੀ ਮਦਦ ਨਾਲ ਚੱਲਣ ਵਾਲੇ ਇਸ ਰੋਬੋਟ ਨੂੰ ਇਜ਼ਰਾਈਲ ਦੇ ਸਰਕਾਰੀ ਮਲਕੀਅਤ ਵਾਲੇ ਏਅਰੋਸਪੇਸ ਉਦਯੋਗ ਆਰਈਐਕਸ ਐੱਮਕੇਆਈਆਈ ਨੇ ਵਿਕਸਿਤ ਕੀਤਾ ਹੈ। ਕੰਪਨੀ ਦੀ ਉਪ ਮੁਖੀ ਰਾਣੀ ਅਵਨੀ ਨੇ ਦੱਸਿਆ ਕਿ ਇਸ ਦਾ ਸੰਚਾਲਨ ਇਲੈਕਟ੍ਰਾਨਿਕ ਟੈਬਲੇਟ ਨਾਲ ਕੀਤਾ ਜਾਂਦਾ ਹੈ ਤੇ ਇਸ ’ਚ ਦੋ ਮਸ਼ੀਨ ਗੰਨ, ਕੈਮਰੇ ਤੇ ਸੈਂਸਰ ਲਗਾਏ ਜਾ ਸਕਦੇ ਹਨ। ਇਹ ਰੋਬੋਟ ਫ਼ੌਜੀਆਂ ਲਈ ਖ਼ੁਫ਼ੀਆ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਜ਼ਖ਼ਮੀ ਫ਼ੌਜੀਆਂ ਦੀ ਆਵਾਜਾਈ, ਜੰਗ ਦੇ ਇਲਾਕੇ ’ਚ ਸਾਮਾਨ ਪਹੁੰਚਾਉਣ ਤੇ ਨਜ਼ਦੀਕੀ ਟੀਚਿਆਂ ਨੂੰ ਨਿਸ਼ਾਨਾ ਬਣਾਉਣ ’ਚ ਸਮਰੱਥ ਹੈ।