ਸ੍ਰੀਨਗਰ – ਫੌ਼ਜ ਦੇ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ ਅੱਤਵਾਦੀ ਹੁਣ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਲਈ ਉਹ ਹੁਣ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਗ੍ਰੇਨੇਡ ਹਮਲੇ ਕਰ ਰਹੇ ਹਨ। ਅਮੀਰਕਦਲ ਵਿੱਚ ਬੀਤੇ ਐਤਵਾਰ ਦਾ ਗ੍ਰਨੇਡ ਹਮਲਾ ਵੀ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਇਸ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਕਸ਼ਮੀਰ ਦੇ ਲੋਕ ਅੱਤਵਾਦੀ ਹਿੰਸਾ ਤੋਂ ਤੰਗ ਆ ਚੁੱਕੇ ਹਨ। ਲੋਕ ਅੱਤਵਾਦੀਆਂ ਤੋਂ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਸ਼ਾਂਤੀ ਤੇ ਖ਼ੁਸ਼ਹਾਲੀ ਦੇ ਦੁਸ਼ਮਣ ਇੱਥੇ ਹਿੰਸਾ ਦਾ ਮਾਹੌਲ ਬਣਾਈ ਰੱਖਣਾ ਚਾਹੁੰਦੇ ਹਨ।ਜੀਓਸੀ ਨੇ ਇਹ ਸ਼ਬਦ ਅੱਜ ਸ੍ਰੀਨਗਰ ਵਿੱਚ ਇੰਟਰਨੈਸ਼ਨਲ ਵੂਮੈਨ ਆਫ਼ ਗੌਡਸ ਦੀ ਯਾਦ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਕਹੇ। ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਦੱਸਿਆ ਕਿ ਅਮੀਰਕਦਲ ‘ਚ ਐਤਵਾਰ ਨੂੰ ਹੋਏ ਗ੍ਰਨੇਡ ਹਮਲੇ ‘ਚ ਇਕ ਵਿਅਕਤੀ ਸਮੇਤ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ ਤੇ 20 ਨਾਗਰਿਕ ਜ਼ਖ਼ਮੀ ਹੋ ਗਏ। ਅੱਤਵਾਦੀ ਹੁਣ ਜਾਣ-ਬੁੱਝ ਕੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਕਿਹਾ ਕਿ ਕਸ਼ਮੀਰ ਦੀਆਂ ਔਰਤਾਂ ਹੁਣ ਸੀਮਾਵਾਂ ਤੋਂ ਬਾਹਰ ਨਿਕਲ ਕੇ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ, ਜੋ ਕਿ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਹਰ ਖੇਤਰ ਵਿੱਚ ਆਪਣੀ ਵੱਖਰੀ ਥਾਂ ਤੇ ਪਛਾਣ ਬਣਾ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਗ਼ਲਤ ਰਾਹ ‘ਤੇ ਜਾਣ ਤੋਂ ਰੋਕਣ ਤਾਂ ਜੋ ਕਸ਼ਮੀਰ ਨੂੰ ਇਕ ਵਾਰ ਫਿਰ ਤੋਂ ਅੱਤਵਾਦ ਤੋਂ ਮੁਕਤ ਕਰਵਾਇਆ ਜਾ ਸਕੇ |